ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਗਸਤ
ਯੂਟੀ ਦੇ ਕਾਲਜਾਂ ਵਿਚ ਵੀ ਆਨਲਾਈਨ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ ਪਰ ਕਈ ਲੈਕਚਰਾਰਾਂ ਕੋਲ ਨਵੀਨਤਮ ਗੈਜੇਟ ਨਾ ਹੋਣ ਕਾਰਨ ਸਮੱਸਿਆ ਆ ਰਹੀ ਹੈ। ਇਨ੍ਹਾਂ ਲੈਕਚਰਾਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਡਾਟਾ ਮੁਹੱਈਆ ਕਰਵਾਇਆ ਜਾਵੇ। ਸ਼ਹਿਰ ਦੇ ਉਤਰੀ ਹਿੱਸੇ ਦੇ ਸਰਕਾਰੀ ਕਾਲਜ ਦੇ ਲੈਕਚਰਾਰਾਂ ਨੇ ਦੱਸਿਆ ਕਿ ਕਈ ਲੈਕਚਰਾਰਾਂ ਕੋਲ ਸਾਦੇ ਫੋਨ ਸਨ ਪਰ ਆਨਲਾਈਨ ਪੜ੍ਹਾਈ ਕਰਵਾਉਣ ਲਈ ਸਮਾਰਟ ਫੋਨ ਲੈਣੇ ਪਏ ਹਨ। ਉਨ੍ਹਾਂ ਦੱਸਿਆ ਕਿ ਘਰ ਵਿਚ ਲੈਪਟਾਪ ਜਾਂ ਡੈਸਕਟਾਪ ਨਾ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਉਹ ਜਦੋਂ ਆਨਲਾਈਨ ਜਮਾਤਾਂ ਲੈਂਦੇ ਹਨ ਤਾਂ ਉਨ੍ਹਾਂ ਦਾ ਰੋਜ਼ ਦਾ ਡਾਟਾ ਖਤਮ ਹੋ ਜਾਂਦਾ ਹੈ, ਇਸ ਕਰ ਕੇ ਵਿਭਾਗ ਉਨ੍ਹਾਂ ਨੂੰ ਡਾਟਾ ਮੁਹੱਈਆ ਕਰਵਾਏ ਜਾਂ ਮੋਬਾਈਲ ਭੱਤਾ ਦਿੱਤਾ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਨਿਰਵਿਘਨ ਪੜ੍ਹਾਈ ਕਰਵਾਈ ਜਾ ਸਕੇ। ਦੂਜੇ ਪਾਸੇ ਪ੍ਰਾਈਵੇਟ ਕਾਲਜਾਂ ਦੇ ਲੈਕਚਰਾਰਾਂ ਨੂੰ ਆਪਣੇ ਪੱਲਿਉਂ ਪੈਸੇ ਲਾ ਕੇ ਕਈ ਖਰਚੇ ਕਰਨੇ ਪੈ ਰਹੇ ਹਨ ਤੇ ਊਨ੍ਹਾਂ ਨੂੰ ਤਨਖਾਹ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਹੰੁਦੀ।
ਕੰਟਰੈਕਟ ਵਾਲੇ ਲੈਕਚਰਾਰਾਂ ਦੀਆਂ ਤਨਖਾਹਾਂ ਘੱਟ
ਰਿਸੋਰਸਪਰਸਨਾਂ ਨੇ ਕਿਹਾ ਕਿ ਊਨ੍ਹਾਂ ਨੂੰ ਵਿਭਾਗ ਮਹੀਨਾ ਪੱਚੀ ਹਜ਼ਾਰ ਰੁਪਏ ਦਿੰਦਾ ਹੈ ਪਰ ਊਨ੍ਹਾਂ ਨੂੰ ਚਾਰ-ਚਾਰ ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ। ਇਸ ਕਰ ਕੇ ਊਹ ਕਿਵੇਂ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਡਾਟਾ ਖਰੀਦ ਸਕਦੇ ਹਨ। ਊਨਾਂ ਕਿਹਾ ਕਿ ਜਿਹੜੇ ਲੈਕਚਰਾਰਾਂ ਦੀਆਂ ਲੱਖਾਂ ਰੁਪਏ ਤਨਖਾਹਾਂ ਹਨ ਊਹ ਤਾਂ ਅਜਿਹੇ ਖਰਚੇ ਸਹਿਣ ਕਰ ਸਕਦੇ ਹਨ। ਸਰਕਾਰੀ ਕਾਲਜ-ਸੈਕਟਰ-11 ਦੀ ਪ੍ਰਿੰਸੀਪਲ ਡਾ. ਰਮਾ ਅਰੋੜਾ ਨੇ ਕਿਹਾ ਕਿ ਕਾਲਜ ਵਿਚ ਨੈਟਵਰਕਿੰਗ ਦੀ ਸਮੱਸਿਆ ਲਈ ਊਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਬਾਰੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕੱਢਿਆ ਜਾਵੇਗਾ।