ਪੱਤਰ ਪ੍ਰੇਰਕ
ਬਨੂੜ, 25 ਅਗਸਤ
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਐਮਪੀ ਕੋਟੇ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੀਗੇਮਾਜਰਾ ਨੂੰ ਮੁਹੱਈਆ ਕਰਾਈ ਗਈ ਪੱਚੀ ਲੱਖ ਦੀ ਗਰਾਂਟ ਨਾਲ ਉਸਾਰੇ ਜਾਣ ਵਾਲੇ ਸਕੂਲੀ ਕਮਰਿਆਂ ਦੀ ਉਸਾਰੀ ਅੱਜ ਆਰੰਭ ਹੋ ਗਈ। ਪਿਛਲੇ ਪੰਦਰਾਂ ਵਰ੍ਹਿਆਂ ਤੋਂ ਸਕੂਲ ਵਿੱਚ ਚੌਵੀ ਘੰਟੇ ਚੌਕੀਦਾਰੀ ਕਰ ਰਹੇ ਪਿੰਡ ਦੇ ਬਜ਼ੁਰਗ ਧਰਮ ਸਿੰਘ ਨੇ ਆਪਣੇ ਹੱਥਾਂ ਨਾਲ ਕਮਰਿਆਂ ਦੀ ਨੀਂਹ ਵਿੱਚ ਚਾਰ ਇੱਟਾਂ ਰੱਖ ਕੇ ਉਸਾਰੀ ਦਾ ਕੰਮ ਆਰੰਭ ਕਰਾਇਆ। ਸਕੂਲ ਦੀ ਪ੍ਰਿੰਸੀਪਲ ਹਰਿੰਦਰ ਕੌਰ ਦੀ ਅਗਵਾਈ ਹੇਠ ਕਮਰਿਆਂ ਦੀ ਉਸਾਰੀ ਆਰੰਭ ਹੋਈ। ਪ੍ਰਿੰਸੀਪਲ ਨੇ ਦੱਸਿਆ ਕਿ ਬਾਬਾ ਧਰਮ ਸਿੰਘ ਗੀਗੇਮਾਜਰਾ ਸਕੂਲ ਦੀ ਰੂਹੇ ਰਵਾਂ ਹਨ। ਉਹ ਸਕੂਲ ਸਟਾਫ਼ ਵੱਲੋਂ ਆਪਣੇ ਤੌਰ ’ਤੇ ਇਕੱਤਰ ਕਰਕੇ ਮਾਮੂਲੀ ਜਿਹੇ ਮਿਹਨਤਾਨੇ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਸਮਰਪਿਤ ਭਾਵਨਾ ਨਾਲ ਸਕੂਲ ਦੀ ਸੇਵਾ ਕਰ ਰਹੇ ਹਨ। ਬਜ਼ੁਰਗ ਚੌਕੀਦਾਰ ਧਰਮ ਸਿੰਘ ਦਿਨ-ਰਾਤ ਸਕੂਲ ਦੀ ਹੀ ਨਿਗਰਾਨੀ ਕਰਦੇ ਹਨ।