ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 25 ਅਗਸਤ
ਜਨਤਕ ਜਥੇਬੰਦੀਆਂ ਵੱਲੋਂ ਅੱਜ ਡੇਹਰਾ ਸਾਹਿਬ ਚੌਕੀ ਦਾ ਘਿਰਾਓ ਕੀਤਾ ਗਿਆ ਅਤੇ ਪੁਲੀਸ ਪ੍ਰਸ਼ਾਸਨ ਵੱਲੋ ਆਮ ਲੋਕਾਂ ਦੇ ਕੰਮਾਂ ਲਈ ਅਖ਼ਤਿਆਰ ਕੀਤੇ ਅਵੇਸਲੇ ਰਵੱਈਏ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਇਸ ਘਿਰਾਓ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਰਮਜੀਤ ਸਿੰਘ ਫਤਿਹਾਆਬਾਦ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਬਲਵਿੰਦਰ ਸਿੰਘ ਫੇਲੋਕੇ ਨੇ ਕੀਤੀ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਜੀਤ ਸਿੰਘ ਬੱਗੂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਦੀਆਂ ਚੌਂਕੀ ਡੇਹਰਾ ਸਾਹਿਬ ਵਿੱਚ ਲਟਕ ਰਹੀਆਂ ਦਰਖਾਸਤਾਂ ਨੂੰ ਲੈ ਕੇ ਡੇਹਰਾ ਸਾਹਿਬ ਚੌਕੀ ਦਾ ਜਥੇਬੰਦੀ ਵੱਲੋ ਘਿਰਾਓ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜੇ ਲਟਕਦੀਆਂ ਮੰਗਾ ਨੂੰ ਲੈਕੇ ਆਮ ਲੋਕਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਥਾਣਾ ਗੋਇੰਦਵਾਲ ਸਾਹਿਬ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਐੱਸਐੱਚਓ ਹਰਿੰਦਰ ਸਿੰਘ ਨੇ ਆ ਕੇ ਵਿਸ਼ਵਾਸ਼ ਦਿਵਾਇਆ ਕਿ ਉਹ ਜਥੇਬੰਦੀ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨਗੇ। ਇਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।ਇਸ ਸਮੇਂ ਹਾਜ਼ਰ ਡਾ ਪਰਮਜੀਤ ਸਿੰਘ ਕੋਟ, ਸੁਰਜੀਤ ਸਿੰਘ, ਪ੍ਰਗਟ ਸਿੰਘ ਭੈਲ, ਮਨਦੀਪ ਸਿੰਘ ਪੋਨੀ, ਰੇਸ਼ਮ ਸਿੰਘ, ਅਮਨਪ੍ਰੀਤ ਸਿੰਘ, ਗੁਰਮੀਤ ਸਿੰਘ ਜਾਮਾਰਾਏ, ਨਛੱਤਰ ਸਿੰਘ, ਮਨਜੀਤ ਸਿੰਘ ਤੁੜ, ਬਲਵੰਤ ਸਿੰਘ ਕਾਹਲਵਾ ਆਦਿ ਆਗੂ ਹਾਜ਼ਰ ਸਨ।