ਰਵਿੰਦਰ ਰਵੀ
ਬਰਨਾਲਾ, 25 ਅਗਸਤ
ਪਾਵਰਕੌਮਅਧਿਕਾਰੀਆਂ ਨੇ ਆਪਣੀ ਪਾਵਰ ਦੀ ਵਰਤੋਂ ਕਰਦਿਆਂ ਐੱਸਐੱਚਓ ਕੋਤਵਾਲੀ ਦੇ ਨਾਂ ‘ਤੇ ਬਿਜਲੀ ਚੋਰੀ ਸਬੰਧੀ ਕੇਸ ਦਰਜ ਕਰਨ ਲਈ ਪਾਵਰਕੌਮ ਦੇ ਚੋਰੀ ਰੋਕੂ ਥਾਣੇ ਪਟਿਆਲਾ ਨੂੰ ਪੱਤਰ ਅਤੇ 2 ਲੱਖ 62 ਹਜ਼ਾਰ 100 ਰੁਪਏ ਜੁਰਮਾਨੇ ਦੀ ਰਕਮ 15 ਦਿਨਾਂ ਅੰਦਰ ਭਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
ਨੋਟਿਸ ਅਨੁਸਾਰ ਕੋਤਵਾਲੀ ਵੱਲੋਂ 15 ਦਿਨਾਂ ਅੰਦਰ ਜੁਰਮਾਨੇ ਦੀ ਰਕਮ ਨਾ ਭਰਨ ਦੀ ਸੂਰਤ ‘ਚ ਬਿਜਲੀ ਥਾਣੇ ਦੀ ਬਿਜਲੀ ਗੁੱਲ ਕਰ ਦਿੱਤੀ ਜਾਵੇਗੀ।
ਪਾਵਰਕੌਮ ਦੇ ਸ਼ਹਿਰੀ ਐੱਸਡੀਓ ਵਿਕਾਸ ਸਿੰਗਲਾ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਬਿਜਲੀ ਚੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮਿਲੀ ਸੂਚਨਾ ਦੇ ਆਧਾਰ ‘ਤੇ ਥਾਣਾ ਸਿਟੀ-1 ਵਿੱਚ ਛਾਪਾਮਾਰ ਟੀਮ ਵੱਲੋਂ 21 ਅਗਸਤ ਨੂੰ ਟਰਾਂਸਫਾਰਮਰ ਤੋਂ ਸਿੱਧੀਆਂ ਲੱਗੀਆਂ ਕੁੰਡੀਆਂ ਦੀ ਬਿਜਲੀ ਚੋਰੀ ਫੜੀ ਗਈ। ਬਿਜਲੀ ਚੋਰੀ ਸਬੰਧੀ ਐਸਐਚਓ ਕੋਤਵਾਲੀ ਨੂੰ ਪੱਤਰ ਨੰਬਰ 1151 ਮਿਤੀ 21/8/20 ਜਾਰੀ ਕਰਦਿਆਂ 1 ਲੱਖ 75 ਹਜ਼ਾਰ ਰੁਪਏ ਜੁਰਮਾਨੇ ਦੀ ਰਕਮ ‘ਤੇ 87 ਹਜ਼ਾਰ 100 ਰੁਪਏ ਕੰਪਾਊਂਡਿੰਗ ਫੀਸ 15 ਦਿਨਾਂ ਅੰਦਰ ਭਰਨ ਲਈ ਜਾਰੀ ਕੀਤਾ ਗਿਆ ਹੈ ਜਦਕਿ 15 ਦਿਨਾਂ ਅੰਦਰ ਜੁਰਮਾਨੇ ਦੀ ਰਕਮ ਨਾ ਭਰਨ ‘ਤੇ ਕੋਤਵਾਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਪੱਤਰ ਨੰਬਰ 1152 ਮਿਤੀ 21/8/20 ਰਾਹੀ ਐਸਐਚਓ ਕੋਤਵਾਲੀ ਬਰਨਾਲਾ ਖ਼ਿਲਾਫ਼ ਬਿਜਲੀ ਚੋਰੀ ਸਬੰਧੀ ਪਾਵਰਕੌਮ ਦੇ ਆਪਣੇ ਚੋਰੀ ਰੋਕੂ ਥਾਣਾ ਪਟਿਆਲਾ ਵਿੱਚ ਕੇਸ ਦਰਜ ਕਰਨ ਲਈ ਲਿਖਿਆ ਗਿਆ ਹੈ।
ਨੋਟਿਸ ਮਿਲਣ ’ਤੇ ਜਵਾਬ ਦੇਵਾਂਗੇ: ਐੱਸਐੱਚਓ
ਇਸ ਸਬੰਧੀ ਕੋਤਵਾਲੀ ਐੱਸਐੱਚਓ ਕਮਲਜੀਤ ਸਿੰਘ ਨੇ ਕਿਹਾ ਕਿ ਪਾਵਰਕੌਮ ਦਾ ਨੋਟਿਸ ਮਿਲਣ ‘ਤੇ ਜਵਾਬ ਦੇ ਦਿੱਤਾ ਜਾਵੇਗਾ।