ਕ੍ਰਾਈਸਟਚਰਚ (ਨਿਊਜ਼ੀਲੈਂਡ), 25 ਅਗਸਤ
ਨਿਊਜ਼ੀਲੈਂਡ ਦੀ ਮਸਜਿਦ ’ਤੇ ਹਮਲਿਆਂ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਮੀਰਵਾਇਜ਼ ਵਜ਼ੀਰੀ ਨੇ ਸਮੂਹਿਕ-ਹੱਤਿਆਵਾਂ ਦੇ ਦੋਸ਼ੀ ਨੂੰ ਇੱਕੋ ਸੁਨੇਹਾ ਦਿੱਤਾ ਹੈ, ‘‘ਤੂੰ ਹਾਰ ਗਿਆ ਹੈ ਅਤੇ ਸਾਡੀ ਸਾਰਿਆਂ ਦੀ ਜਿੱਤ ਹੋਈ ਹੈ।’’
ਹਮਲੇ ਦੇ ਪੀੜਤਾਂ ਵਿੱਚ ਸ਼ਾਮਲ ਵਜ਼ੀਰੀ ਇਸ ਕੇਸ ਦੀ ਚਾਰ ਰੋਜ਼ਾ ਸੁਣਵਾਈ ਦੇ ਦੂਜੇ ਦਿਨ ਇਹ ਗੱਲ ਆਖੀ। ਮਾਰਚ 2019 ਵਿੱਚ ਦੋ ਮਸਜਿਦ ’ਤੇ ਕੀਤੇ ਹਮਲਿਆਂ ਵਿੱਚ 51 ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਨ ਦਾ ਦੋਸ਼ੀ ਬਰੈਂਟਨ ਹੈਰੀਸਨ ਟਾਰੈਂਟ (29) ਸੁਣਵਾਈ ਦੌਰਾਨ ਅਦਾਲਤ ਵਿੱਚ ਮੌਜੂਦ ਸੀ। ਵਜ਼ੀਰੀ ਨੇ ਕਿਹਾ ਕਿ ਟਾਰੈਂਟ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ, ਇਸ ਕਰਕੇ ਪੀੜਤਾਂ ’ਤੇ ਪਏ ਇਸ ਹਮਲੇ ਦੇ ਅਸਰ ਬਾਰੇ ਬਿਆਨ ਦੇਣ ਦੀ ਥਾਂ ਊਹ ਬੰਦੂਕਧਾਰੀ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ। ਅਫ਼ਗਾਨਿਸਤਾਨ ਵਾਸੀ ਵਜ਼ੀਰੀ ਨੇ ਕਿਹਾ ਕਿ ਕਈ ਵਾਰ ਊਸ ਨੂੰ ਅਤਿਵਾਦ ਨਾਲ ਜੋੜਿਆ ਗਿਆ ਪਰ ਹੁਣ ਊਹ ਊਸ ਧੱਬੇ ਤੋਂ ਮੁਕਤ ਹੋ ਗਿਆ ਹੈ। ਊਸ ਨੇ ਟਾਰੈਂਟ ਨੂੰ ਕਿਹਾ, ‘‘ਤੂੰ ਊਹ ਨਾਂ ਮੇਰੇ ਤੋਂ ਲੈ ਲਿਆ ਹੈ। ਅੱਜ, ਤੂੰ ਅਤਿਵਾਦੀ ਹੈ।’’ ਵਜ਼ੀਰੀ ਦੀਆਂ ਇਨ੍ਹਾਂ ਟਿੱਪਣੀਆਂ ’ਤੇ ਹੋਰ ਪੀੜਤਾਂ ਨੇ ਅਦਾਲਤ ਵਿੱਚ ਤਾਲੀਆਂ ਮਾਰੀਆਂ। ਹੋਰ ਪੀੜਤਾਂ ਨੇ ਟਾਰੈਂਟ ਨੂੰ ਆਪਣੇ ਬਿਆਨਾਂ ਦੌਰਾਨ ਬੁਝਦਿਲ, ਦਰਿੰਦਾ, ਚੂਹਾ ਦੱਸਿਆ। -ਏਪੀ