ਪੱਤਰ ਪ੍ਰੇਰਕ
ਜਗਰਾਉਂ, 8 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਅਤੇ ਬਲਾਕ ਰਾਏਕੋਟ ਦੇ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਪਿੰਡ ਡੱਲਾ, ਮੱਲ੍ਹਾ, ਦੇਹੜਕਾ ਅਤੇ ਮਾਣੂੰਕੇ ਦੇ ਕਿਸਾਨਾਂ ਨਾਲ ਮੀਟਿੰਗਾਂ ਕਰਦਿਆਂ 14 ਸਤੰਬਰ ਦਿਨ ਸੋਮਵਾਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜਾ ਰਹੀ ਰੋਸ ਰੈਲੀ ਸਬੰਧੀ ਲਾਮਬੰਦੀ ਕੀਤੀ ਗਈ। ਉਨ੍ਹਾਂ ਹਲਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਵੱਲੋਂ ਜਾਰੀ ਤਿੰਨੇ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ, ਬਿਜਲੀ ਸੋਧ ਐਕਟ-2020, ਤੇਲ ਕੰਪਨੀਆਂ ਨੂੰ ਸਰਕਾਰ ਆਪਣੇ ਹੱਥ ’ਚ ਕਰੇ ਅਤੇ ਖੇਤੀ ਡੀਜ਼ਲ ਅੱਧੇ ਰੇਟ ਅਤੇ ਪੈਟਰੋਲ ਦੀ ਕੀਮਤ ’ਚ ਕੀਤਾ ਵਾਧਾ ਵਾਪਸ ਲਿਆ ਜਾਵੇ, ਵਾਅਦੇ ਮੁਤਾਬਿਕ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਮਾਫ ਕੀਤੇ ਜਾਣ, ਡਾ. ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕੀਤੀ ਜਾਵੇ, ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਲੋਕ ਵਿਰੋਧੀ ਸਿਫ਼ਾਰਸ਼ਾਂ ਰੱਦ ਕੀਤੀਆਂ ਜਾਣ। ਇਸ ਮੌਕੇ ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਕੱਠਾਂ ਨੂੰ ਗੁਰਚਰਨ ਸਿੰਘ ਰਸੂਲਪੁਰ, ਜਗਜਿੰਦਰ ਸਿੰਘ, ਸੁੱਖੀ ਮੱਲ੍ਹਾ, ਜੱਗਾ ਮੱਲ੍ਹਾ, ਨਛੱਤਰ ਸਿੰਘ, ਬਲਵੀਰ ਸਿੰਘ, ਆਦਿ ਨੇ ਵੀ ਸੰਬੋਧਨ ਕੀਤਾ।
ਆਰਡੀਨੈਂਸ ਖ਼ਤਮ ਕਰਵਾਉਣ ਲਈ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ
ਪਾਇਲ (ਦੇਵਿੰਦਰ ਸਿੰਘ ਜੱਗੀ): ਸਾਬਕਾ ਵਿਧਾਇਕ ਤਰਸੇਮ ਜੋਧਾ, ਚਰਨਜੀਤ ਸਿੰਘ ਹਿਮਾਯੂਪੁਰ ਦੀ ਅਗਵਾਈ ‘ਚ ਪੰਜਾਬ ਸੀਟੂ ਦੇ ਸੱਦੇ ’ਤੇ ਦੋਰਾਹਾ ਅਤੇ ਮਲੌਦ ਬਲਾਕ ਦੇ ਆਗਨਵਾੜ੍ਹੀ, ਮਨਰੇਗਾ , ਮਿਡ-ਡੇਅ ਮੀਲ, ਆਸ਼ਾ ਵਰਕਰ, ਭੱਠਾ ਮਜ਼ਦੂਰ, ਉਸਾਰੀ ਮਜ਼ਦੂਰ ਅਤੇ ਪੇਂਡੂ ਚੌਕੀਦਾਰਾਂ ਇੱਕ ਇਕੱਠ ਧਰਮਸ਼ਾਲਾ ਪਾਇਲ ਵਿਚ ਹੋਇਆ। ਮਾਰਚ ਉਪਰੰਤ ਕਿਰਤ ਕਮਿਸ਼ਨ ਪੰਜਾਬ ਨੂੰ ਐੱਸਡੀਐੱਮ ਪਾਇਲ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਘੱਟੋ-ਘੱਟ ਉਜਰਤਾ ਦੀ ਦੁਹਰਾਈ ਤੁਰੰਤ ਕੀਤੀ ਜਾਵੇ। ਸ੍ਰੀ ਜੋਧਾ ਨੇ ਕਿਹਾ ਕਿ ਲੋਕ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਬਿਲ-2020 ਨਾਲ ਮੰਡੀ ਤੰਤਰ ਖ਼ਤਮ ਹੋ ਜਾਵੇਗਾ। ਖੇਤੀ ਤਬਾਹ ਹੋ ਜਾਵੇਗੀ। ਉਨ੍ਹਾਂ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਆਪਣੀਆਂ ਮੰਗਾਂ ਤੇ ਸੰਘਰਸ਼ ਤੇਜ਼ ਕਰਦਿਆਂ ਸਾਂਝੇ ਲੋਕ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਵਲੋਂ 22 ਸਤੰਬਰ ਨੂੰ ਮੁਹਾਲੀ ਦੀ ਸੂਬਾਈ ਰੈਲੀ ਦੀ ਤਿਆਰੀ ਦੀ ਅਪੀਲ ਕੀਤੀ ਗਈ।