ਬੀਰਬਲ ਰਿਸ਼ੀ
ਸ਼ੇਰਪੁਰ, 8 ਸਤੰਬਰ
ਪਸ਼ੂ ਪਾਲਣ ਵਿਭਾਗ ਵੱਲੋਂ ਹੱਕੀ ਮੰਗਾਂ ’ਤੇ ਅਵੇਸਲੀ ਹੋਈ ਪੰਜਾਬ ਸਰਕਾਰ ਨਾਲ ਆਢਾ ਲੈਂਦਿਆਂ ਪਸ਼ੂਆਂ ਦੇ ਮੂੰਹ-ਖੁਰ ਤੇ ਗਲਘੋਟੂ ਦੀ ਵੈਕਸੀਨ ਦੇ ਬਾਈਕਾਟ ਤੋਂ ਮਗਰੋਂ ਹੁਣ ਪੰਜ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਵੈਟਨਰੀ ਫਾਰਮਾਸਿਸਟਾਂ ਨੇ ਓਪੀਡੀ ਤੇ ਹੋਰ ਵਿਭਾਗੀ ਕੰਮਾਂ ਦੇ ਬਾਈਕਾਟ ਦੀ ਵੀ ਚਿਤਾਵਨੀ ਦਿੱਤੀ ਹੈ ਅਤੇ 9 ਸਤੰਬਰ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੁਲਾਕਾਤ ਕਰਕੇ ਆਪਣੇ ਦੁੱਖ ਦਰਦ ਸਰਕਾਰ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ।
ਜਥੇਬੰਦੀ ਦੀ ਇੱਕ ਮੀਟਿੰਗ ਮਗਰੋਂ ਵੈਟਰਨਰੀ ਫਾਰਮਾਸਿਸਟ ਯੂਨੀਅਨ ਦੇ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਲਸੋਈ ਦੇ ਹਵਾਲੇ ਨਾਲ ਪ੍ਰੈੱਸ ਨੂੰ ਜਾਰੀ ਕੀਤੇ ਲਿਖਤੀ ਬਿਆਨ ਰਾਹੀਂ ਜਥੇਬੰਦੀ ਦੇ ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ 2006 ’ਚ ਫਰਮਾਸਿਸ਼ਟ ਜ਼ਿਲ੍ਹਾ ਪ੍ਰੀਸ਼ਦਾਂ ਰਾਹੀਂ ਨੌਕਰੀ ’ਚ ਆਏ ਜਿਸ ਮਗਰੋਂ ਪਸ਼ੂ ਡਿਸਪੈਂਸਰੀ ਦੇ ਡਾਕਟਰ ਨੇ ਫਰਮਾਸਿਸਟਾਂ ਨੂੰ ਬਕਾਇਦਾ ਇਸ਼ਤਿਹਾਰ ਦੇ ਆਧਾਰ ’ਤੇ 582 ਅਸਾਮੀਆਂ ’ਤੇ ਰੱਖਿਆ। ਇਸ ਮਗਰੋਂ ਸਾਰੇ ਡਾਕਟਰ ਰੈਗੂਲਰ ਹੋ ਗਏ ਪਰ ਫਾਰਮਾਸਿਸਟਾਂ ਦਾ ਠੇਕਾ ਆਏ ਵਰ੍ਹੇ ਨਵਿਆਉਣਾ ਪੈਂਦਾ ਹੈ। ਹੁਣ ਸਰਕਾਰ ਨੇ ਪੰਜ ਮਹੀਨਿਆਂ ਤੋਂ ਨਾ ਤਾਂ ਵੈਟਰਨਰੀ ਫਾਰਮਸਿਸਟਾਂ ਨੂੰ ਤਨਖਾਹ ਦਿੱਤੀ ਹੈ ਨਾ ਹੀ ਮਾਰਚ ਮਗਰੋਂ ਕੰਟਰੈਕਟ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰੈਗੂਲਰ ਭਰਤੀ ਲਈ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਤੋਂ ਮੰਤਰੀ ਤੱਕ ਸਾਰਿਆਂ ਤੱਕ ਗੁਹਾਰ ਲਗਾਈ ਜਾ ਚੁੱਕੀ ਹੈ ਅਤੇ ਆਖ਼ਰੀ ਵਾਰ 9 ਸਤੰਬਰ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਮਿਲ ਕੇ ਸਰਕਾਰ ਤੱਕ ਆਪਣੀ ਮੰਗ ਪਹੁੰਚਾਈ ਜਾਵੇਗੀ ਪਰ ਜੇ ਸਰਕਾਰ ਅਵੇਸਲੀ ਰਹੀ ਤਾਂ ਓਪੀਡੀ ਸਮੇਤ ਹੋਰ ਵਿਭਾਗੀ ਕੰਮਾਂ ਦਾ ਵੀ ਬਾਈਕਾਟ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਸਰਕਾਰ ਨੇ ਵਾਅਦਾ ਨਹੀਂ ਨਿਭਾਇਆ: ਡਾ. ਜਰਨੈਲ ਸਿੰਘ
ਲੌਂਗੋਵਾਲ (ਪੱਤਰ ਪ੍ਰੇਰਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਲੌਂਗੋਵਾਲ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਂਗੋਵਾਲ ਵਿੱਚ ਬਲਾਕ ਪ੍ਰਧਾਨ ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਬਲਾਕ ਚੇਅਰਮੈਨ ਡਾ.ਜਰਨੈਲ ਸਿੰਘ ਅਤੇ ਪ੍ਰਧਾਨ ਡਾ. ਹਰਜਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ 16 ਨੰਬਰ ਤੇ ਜੋ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੇਂਡੂ ਏਰੀਏ ਵਿੱਚ ਬੈਠੇ ਸਾਡੇ ਸਾਰੇ ਪ੍ਰੈਕਟੀਸ਼ਨਰਾਂ ਨੇ ਕਰੋਨਾਵਾਇਰਸ ਦੇ ਖ਼ਤਰੇ ਦੇ ਬਾਵਜੂਦ ਪਿੰਡਾਂ ਵਿੱਚ ਸਿਹਤ ਸਹੁਲਤਾਂ ਉਪਲਬੱਧ ਕਰਵਾਈਆਂ ਪਰ ਕੈਪਟਨ ਸਰਕਾਰ ਨੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਪੇਂਡੂ ਡਾਕਟਰਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਹੁਣ ਵੀ ਸਾਡੇ ਨਾਲ ਕੀਤਾ ਵਾਅਦਾ ਪੁਰਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।