ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਕਿਹਾ ਹੈ ਕਿ ਮੈਟਰੋ ਸੇਵਾ ਦੀਆਂ ਨੀਲੀਆਂ ਅਤੇ ਗੁਲਾਬੀ ਲਾਈਨਾਂ ਅੱਜ ਤੋਂ ਮੁੜ ਚਾਲੂ ਹੋਣਗੀਆਂ। ਮੈਟਰੋ ਸੇਵਾਵਾਂ ਦੇ ਮੁੜ ਤੋਂ ਸ਼ੁਰੂ ਕਰਨ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਦਿੱਲੀ ਮੈਟਰੋ ਆਪਣੀ ਨੀਲੀ ਲਾਈਨ ਤੇ 171 ਦਿਨਾਂ ਬਾਅਦ ਦੁਪਹਿਰ ਤੋਂ ਸੈਕਟਰ 21 ਤੋਂ ਇਲੌਕਟ੍ਰਾਨਿਕ ਸਿਟੀ /ਵੈਸ਼ਾਲੀ ਤੇ ਪਿੰਕ ਲਾਈਨ-ਮਜਲਿਸ ਪਾਰਕ ਤੋਂ ਸ਼ਿਵ ਵਿਹਾਰ ਤੱਕ ਕੱਲ੍ਹ ਤੋਂ ਸੇਵਾਵਾਂ ਸ਼ੁਰੂ ਕਰੇਗੀ। ਡੀ.ਐੱਮ.ਆਰ.ਸੀ. ਨੇ ਕਿਹਾ ਹੈ ਕਿ ਇਨ੍ਹਾਂ ਦੋਹਾਂ ਲਾਈਨਾਂ ਦੇ ਮੁੜ ਖੁੱਲ੍ਹਣ ਨਾਲ ਕੱਲ੍ਹ ਤੋਂ ਮੌਜੂਦਾ 28 ਇੰਟਰਚੇਂਜ ਮੈਟਰੋ ਸਟੇਸ਼ਨਾਂ ਰਾਜੌਰੀ ਗਾਰਡਨ, ਆਈ.ਐਨ.ਏ. ਦਿੱਲੀ ਹਾਟ, ਮਯੂਰ ਵਿਹਾਰ ਫੇਜ਼ -1, ਕਰਕਰਦੂਮਾ, ਰਾਜੀਵ ਚੌਕ, ਯਮੁਨਾ ਬੈਂਕ, ਅਨੰਦ ਵਿਹਾਰ ਆਈਐੱਸਬੀਟੀ, ਆਜ਼ਾਦਪੁਰ ਅਤੇ ਸਿਕੰਦਰਪੁਰ ’ਚ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ ।
ਈ-ਟਿਕਟਿੰਗ ਐਪ ਦਾ ਦੂਜਾ ਪੜਾਅ ਸ਼ੁਰੂ
ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਆਪਣੀਆਂ ਕਲੱਸਟਰ ਬੱਸਾਂ ਵਿੱਚ ਸੰਪਰਕ ਰਹਿਤ ਈ-ਟਿਕਟਿੰਗ ਐਪ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਦੂਜੇ ਪੜਾਅ ਦੇ ਪਹਿਲੇ ਦਿਨ ਐਪ ਰਾਹੀਂ 1500 ਗੁਲਾਬੀ ਸਮੇਤ ਕੁਲ 2000 ਟਿਕਟਾਂ ਦਾ ਲੈਣ-ਦੇਣ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੜਾਅ ਇੱਕ ਹਫ਼ਤੇ ਚੱਲੇਗਾ ਤੇ 300 ਕਲੱਸਟਰ ਬੱਸਾਂ ਇਸ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਅਗਸਤ ਵਿੱਚ ਪਹਿਲੇ ਪੜਾਅ ਵਿੱਚ ਸਿਰਫ ਇੱਕ ਰਸਤੇ ਦੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਸਨ। ਯਾਤਰੀਆਂ ਵਿਚ ਲਾਗ ਦੇ ਫੈਲਣ ਤੋਂ ਰੋਕਣ ਲਈ ਕੋਵਿਡ -19 ਮਹਾਮਾਰੀ ਦੇ ਵਿਚਾਲੇ ਸੰਪਰਕ ਰਹਿਤ ਈ-ਟਿਕਟਿੰਗ ਐਪ ਦਾ ਪਹਿਲਾ ਪੜਾਅ ਚਲਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਐਪ ਦੇ ਦੂਜੇ ਪੜਾਅ ਵਿੱਚ 14 ਰੂਟ ਸ਼ਾਮਲ ਹੋਣਗੇ ਤੇ ਪਹਿਲੇ ਪੜਾਅ ਦੌਰਾਨ ਦੀਆਂ ਕਮੀਆਂ ਨੂੰ ਇਸ ਵਿੱਚ ਸੁਧਾਰਿਆ ਜਾਵੇਗਾ।