ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਅਗਸਤ
ਇਥੋਂ ਦੇ ਖਟੀਕਾ ਚੌਂਕ ਵਿਚ ਸ਼ਿਵ ਸੈਨਿਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਸ਼ਹੀਦਾਂ ਤੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫ਼ੂਕਣ ਨੂੰ ਲੈ ਕੇ ਝਗੜਾ ਹੋਇਆ। ਇਸ ਸਬੰਧੀ ਸਿਟੀ-2 ਥਾਣੇ ਦੇ ਬਾਹਰ ਨਿਹੰਗ ਸਿੰਘ, ਕਸ਼ਮੀਰ ਗਿਰੀ ਖਿਲਾਫ਼ ਕਾਰਵਾਈ ਲਈ ਧਰਨੇ ’ਤੇ ਬੈਠ ਗਏ ਅਤੇ ਸ਼ਿਵ ਸੈਨਿਕ ਵੀ ਨਿਹੰਗ ਸਿੰਘਾਂ ਖਿਲਾਫ ਐਫਆਈਆਰ ਦਰਜ ਕਰਵਾਉਣ ’ਤੇ ਅੜੇ ਰਹੇ। ਨਿਹੰਗ ਸਿੰਘਾਂ ਵੱਲੋਂ ਐੱਸਐੱਸਪੀ ਖੰਨਾ ਨੂੰ ਮੰਗ ਪੱਤਰ ਵੀ ਸੌਂਪਿਆ।
ਜਾਣਕਾਰੀ ਅਨੁਸਾਰ ਸ਼ਿਵ ਸੈਨਾ ਵੱਲੋਂ ਮਹੰਤ ਕਸ਼ਮੀਰ ਗਿਰੀ ਤੇ ਅਵਤਾਰ ਸਿੰਘ ਮੋਰੀਆ ਦੀ ਅਗਵਾਈ ਹੇਠ ਖਟੀਕਾਂ ਚੌਕ ਵਿੱਚ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਇਸ ਮੌਕੇ ਸ਼ਿਵ ਸੈਨਿਕਾਂ ਨੇ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਹੋਰ ਸਿੱਖ ਸ਼ਹੀਦਾਂ ਦਾ ਪੁਤਲਾ ਫੂਕਿਆ। ਇਸ ਦੌਰਾਨ ਦੋ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਤੇ ਹਰਜੋਤ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਫੇਸਬੁੱਕ ’ਤੇ ਲਾਈਵ ਹੋ ਕੇ ਕਿਹਾ ਕਿ ਤੁਸੀਂ ਹੁਣ ਸ਼ਹੀਦ ਸਿੰਘਾਂ ਦੇ ਪੁਤਲੇ ਫੂਕ ਕੇ ਦਿਖਾਓ, ਜਿਸ ’ਤੇ ਦੋਵਾਂ ਧਿਰਾਂ ਹੱਥੋਪਾਈ ’ਤੇ ਉਤਰ ਆਈਆਂ। ਪੁਲੀਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਦੋਵੇਂ ਧਿਰਾਂ ਇਕ-ਦੂਜੇ ਤੇ ਪਰਚਾ ਦਰਜ ਕਰਵਾਉਣ ’ਤੇ ਅੜ ਗਈਆਂ। ਸਿੱਖ ਨੌਜਵਾਨਾਂ ਦੇ ਹੱਕ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਘੁਡਾਣੀ, ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਆਏ, ਜਿਨ੍ਹਾਂ ਨੇ ਥਾਣੇ ਦੇ ਬਾਹਰ ਸ਼ਾਂਤਮਈ ਧਰਨਾ ਦਿੱਤਾ।
ਊਧਰ ਕਸ਼ਮੀਰ ਗਿਰੀ ਨੇ ਕਿਹਾ ਕਿ ਉਹ ਆਜ਼ਾਦੀ ਸਮਾਗਮ ਮੌਕੇ ਖਾਲਿਸਤਾਨ ਪੱਖੀ ਗੁਰਪਤਵੰਤ ਪੰਨੂ ਦਾ ਪੁਤਲਾ ਫੂਕ ਰਹੇ ਸਨ ਕਿਉਂਕਿ ਪੰਨੂ ਨੇ ਤਿਰੰਗੇ ਦੀ ਥਾਂ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਸਿੱਖ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਨੂ ਦਾ ਪੁਤਲਾ ਫੂਕਣ ’ਤੇ ਕੋਈ ਇਤਰਾਜ਼ ਨਹੀਂ ਹੈ, ਪਰ ਸਿੱਖ ਸ਼ਹੀਦਾਂ ਦਾ ਅਪਮਾਨ ਨਹੀਂ ਹੋਣ ਦੇਣਗੇ। ਇਸ ਦੌਰਾਨ ਐੱਸਐੱਸਪੀ ਨੇ ਮਾਮਲੇ ਦੀ ਪੜਤਾਲ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ।