ਪਰਮਜੀਤ ਸਿੰਘ
ਫਾਜ਼ਿਲਕਾ, 1 ਸਤੰਬਰ
ਫਾਜ਼ਿਲਕਾ ਜ਼ਿਲ੍ਹੇ ਦੇ 95 ਫੀਸਦੀ ਸਰਕਾਰੀ ਸਕੂਲ, ਸਮਾਰਟ ਸਕੂਲਾਂ ’ਚ ਤਬਦੀਲ ਹੋ ਗਏ ਹਨ। ਸਿੱਖਿਆ ਵਿਭਾਗ ਵੱਲੋਂ ਨਿਸ਼ਚਤ ਕੀਤੇ ਮਾਪਦੰਡਾਂ ਤਹਿਤ ਜ਼ਿਲ੍ਹੇ ਦੇ 230 ਸਕੂਲਾਂ ਵਿੱਚੋਂ 227 ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲਾਂ 467 ਵਿੱਚੋਂ 433 ਸਕੂਲ, ਸਮਾਰਟ ਸਕੂਲ ਬਣ ਚੁੱਕੇ ਹਨ। ਜ਼ਿਲ੍ਹੇ ਦੇ 467 ਪ੍ਰਾਇਮਰੀ ਸਕੂਲਾਂ ’ਚੋਂ 433 ਸਕੂਲ, ਮਿਡਲ ਸਕੂਲਾਂ ਦੇ 85 ਵਿੱਚੋਂ 85 ਸਕੂਲ, ਹਾਈ ਸਕੂਲਾਂ ਦੇ 70 ਵਿੱਚੋਂ 69 ਸਕੂਲ ਤੇ ਸੈਕੰਡਰੀ ਸਕੂਲਾਂ ਦੇ 75 ਵਿੱਚੋਂ 73 ਸਕੂਲ, ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਸਮੁੱਚੇ ਰੂਪ ਵਿੱਚ ਰਾਜ ਦੇ ਬਾਕੀ ਰਹਿੰਦੇ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਤਬਦੀਲ ਕਰਨ ਦਾ ਕੰਮ ਚੱਲ ਰਿਹਾ ਹੈ। ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਸਕੂਲ ਸੁਧਾਰ ਮੁਹਿੰਮ ਨੂੰ ਮਿਲ ਰਹੀ ਇਸ ਸਫ਼ਲਤਾ ਦੀ ਵਿਲੱਖਣਤਾ ਇਹ ਹੈ ਕਿ ਇਸ ਅਭਿਆਨ ਵਿੱਚ ਸਿੱਖਿਆ ਵਿਭਾਗ ਵੱਲੋਂ ਇੱਕ ਮਾਰਗ ਦਰਸ਼ਕ ਅਤੇ ਪ੍ਰੇਰਕ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਸਮੱਗਰਾ ਸਿੱਖਿਆ ਅਭਿਆਨ ਤਹਿਤ ਸਰਕਾਰ ਵਲੋਂ ਸਕੂਲਾਂ ਨੂੰ 60:40 ਦੇ ਅਨੁਪਾਤ ਨਾਲ ਸਮਾਰਟ ਸਕੂਲ ਬਣਾਉਣ ਦੀ ਨੀਤੀ ਵੀ ਬਣਾਈ ਗਈ ਹੈ ਅਤੇ ਮਾਲੀ ਮਦਦ ਦਿੱਤੀ ਜਾ ਰਹੀ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.) ਡਾ. ਤ੍ਰਿਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਸਮਾਰਟ ਸਕੂਲਾਂ ਦੇ ਮਾਪਦੰਡਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਨਵੀਆ ਤਕਨੀਕਾਂ ਅਤੇ ਗਤੀਵਿਧੀਆਂ ’ਤੇ ਅਧਾਰਿਤ ਸਿੱਖਣ-ਸਿਖਾਉਣ ਵਿਧੀਆਂ ਨੂੰ ਸਕੂਲ ਪੱਧਰ ਤੇ ਅਮਲੀ ਜਾਮਾ ਪਹਿਨਾਉਣ ਲਈ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਸਮਾਰਟ ਕਲਾਸ ਰੂਮ, ਪ੍ਰਾਜੈਕਟਰ ਤੇ ਐੱਲਈਡੀਜ਼, ਕਲਰ ਕੋਡਿੰਗ, ਸੁੰਦਰ ਗੇਟ, ਸਕੂਲ ਵਿੱਚ ਵਿੱਦਿਅਕ ਵਾਤਾਵਰਨ ਤਿਆਰ ਕਰਨ ਲਈ ਬਾਲਾ ਵਰਕ, ਐੱਲਈਡੀ/ਕੰਪਿਊਟਰ ਲੈਬ, ਈ-ਕੰਟੈਂਟ, ਸੁੰਦਰ ਤੇ ਮਿਆਰੀ ਵਰਦੀ, ਟਾਈ, ਬੈਲਟ ਅਤੇ ਪਛਾਣ ਪੱਤਰ ਸ਼ਾਮਲ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਡਾ. ਸੁਖਵੀਰ ਸਿੰਘ ਬੱਲ ਦਾ ਕਹਿਣਾ ਹੈ ਕਿ ਮਿਹਨਤੀ ਅਤੇ ਸਿਰੜੀ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਚ ਅਹਿਮ ਯੋਗਦਾਨ ਹੈ।