ਗਗਨਦੀਪ ਅਰੋੜਾ
ਲੁਧਿਆਣਾ, 3 ਅਗਸਤ
ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਰੱਖੜੀ ਮੌਕੇ ਹਰ ਵਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਭੈਣਾਂ ਲਈ ਖਾਸ ਇੰਤਜ਼ਾਮ ਕੀਤੇ ਜਾਂਦੇ ਹਨ, ਪਰ ਇਸ ਵਾਰ ਕਰੋਨਾ ਦੇ ਕਹਿਰ ਕਾਰਨ ਜੇਲ੍ਹ ਵਿੱਚ ਬੰਦ ਬੰਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਰੱਖੜੀਆਂ ਨਹੀਂ ਬੰਨ੍ਹ ਸਕੀਆਂ। ਪ੍ਰਸ਼ਾਸਨ ਨੇ ਜੇਲ੍ਹ ਵਿੱਚ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਆਉਣ ਵਾਲੀਆਂ ਭੈਣਾਂ ਨੂੰ ਬਾਹਰ ਹੀ ਰੋਕ ਦਿੱਤਾ ਤੇ ਉਨ੍ਹਾਂ ਵੱਲੋਂ ਲਿਆਂਦੇ ਰੱਖੜੀਆਂ ਦੇ ਪੈਕੇਟ ਖੁਦ ਹੀ ਅੰਦਰ ਬੰਦੀਆਂ ਤੱਕ ਪਹੁੰਚਾ ਦਿੱਤੇ ਅਤੇ ਨਾਲ ਹੀ ਮਠਿਆਈ ਦੀ ਥਾਂ ’ਤੇ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਅੰਦਰ ਹੀ ਮਿਸ਼ਰੀ ਦੇ ਪੈਕੇਟਾਂ ਦਾ ਇੰਤਜ਼ਾਮ ਕੀਤਾ ਸੀ, ਜੋ ਅੰਦਰ ਬੰਦੀਆਂ ਨੂੰ ਵੰਡੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਵਿੱਚ ਤਿੰਨ ਹਜ਼ਾਰ ਤੋਂ ਵੱਧ ਬੰਦੀ ਬੰਦ ਹਨ, ਜਿਨ੍ਹਾਂ ਨੂੰ ਰੱਖੜੀ ’ਤੇ ਹਮੇਸ਼ਾ ਹੀ ਉਨ੍ਹਾਂ ਦੀਆਂ ਭੈਣਾਂ ਵੱਲੋਂ ਰੱਖੜੀ ਬੰਨ੍ਹਣ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ
ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਲੜਕੀਆਂ ਲਈ ਰੱਖੜੀਆਂ ਮੌਕੇ ਵਿਸ਼ੇਸ਼ ਇੰਤਜ਼ਾਮ ਵੀ ਕੀਤੇ ਜਾਂਦੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਬਾਹਰ ਜਾਲੀਆਂ ਲਗਾ ਕੇ ਭੈਣਾਂ ਆਪਣੇ ਭਰਾਵਾਂ ਨੂੰ ਮਿਲਦੀਆਂ ਸਨ ਤੇ ਰੱਖੜੀਆਂ ਬੰਨ੍ਹਦੀਆਂ ਸਨ, ਪਰ ਇਸ ਵਾਰ ਕਰੋਨਾ ਕਾਰਨ ਬੰਦੀਆਂ ਨੂੰ ਭੈਣਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਪ੍ਰਸ਼ਾਸਨ ਨੇ ਕਰੋਨਾ ਕਾਰਨ ਤਿਉਹਾਰ ਨੂੰ ਦੇਖਦੇ ਹੋਏ ਭੈਣਾਂ ਕੋਲੋਂ ਰੱਖੜੀ ਦੇ ਪੈਕੇਟ ਲੈ ਲਏ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਅੰਦਰ ਬੰਦੀਆਂ ਨੂੰ ਖੁਦ ਹੀ ਮਿਸ਼ਰੀ ਦੇ ਕੇ ਮੂੰਹ ਮਿੱਠਾ ਕਰਵਾਇਆ ਗਿਆ ਹੈ।