ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਸਤੰਬਰ
ਇੱਕ ਨਿੱਜੀ ਚੈਨਲ ਵੱਲੋਂ ਆਸ਼ਾ ਵਰਕਰਾਂ ਖਿਲਾਫ਼ ਕੀਤੇ ਜਾ ਰਹੇ ਝੂਠੇ ਪ੍ਰਚਾਰ ਵਿਰੁੱਧ ਜਥੇਬੰਦੀ ਦੇ ਸੂਬਾਈ ਵਫ਼ਦ ਵੱਲੋਂ 4 ਸਤੰਬਰ ਨੂੰ ਐੱਨਐੱਚਐੱਮ ਦੇ ਡਾਇਰੈਕਟਰ ਨਾਲ ਚੰਡੀਗੜ੍ਹ ’ਚ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਕਰੋਨਾ ਮਹਾਂਮਾਰੀ ਦਾ ਕੰਮ ਕਰਨ ਬਦਲੇ ਮਿਲਦੇ ਸਪੈਸ਼ਲ ਮਾਣ ਭੱਤੇ ਨੂੰ ਬੰਦ ਕਰਨ, ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣ, ਆਸ਼ਾ ਵਰਕਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਦੇ ਨਾਲ ਹੀ ਨਿੱਜੀ ਚੈਨਲ ਵਲੋਂ ਆਸ਼ਾ ਵਰਕਰਾਂ ਵਿਰੁੱਧ ਕੀਤੇ ਝੂਠੇ ਪ੍ਰਚਾਰ ਸਬੰਧੀ ਵੀ ਗੱਲਬਾਤ ਕੀਤੀ ਜਾਵਗੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਤਲਵਾੜਾ (ਦੀਪਕ ਠਾਕੁਰ): ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਸੁਖਵਿੰਦਰ ਕੌਰ ਅਤੇ ਸੂਬਾ ਜਨਰਲ ਸਕੱਤਰ ਲਖਵਿੰਦਰ ਕੌਰ ਨੇ ਨਿੱਜੀ ਵੈੱਬ ਚੈਨਲ ਦੇ ਮਾਲਕ ਵੱਲੋਂ ਆਸ਼ਾ ਵਰਕਰਜ਼ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਦੀ ਨਿਖੇਧੀ ਕੀਤੀ ਹੈ।
ਇੱਥੇ ਯੂਨੀਅਨ ਦੀ ਹੋਈ ਵਰਚੁਅਲ ਮੀਟਿੰਗ ’ਚ ਸੂਬਾ ਪ੍ਰਧਾਨ ਸੁਖਵਿੰਦਰ ਕੌਰ ਨੇ ਨਿੱਜੀ ਚੈਨਲ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਊਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਬਿਨਾਂ ਲੋੜੀਂਦੇ ਸਾਮਾਨ ਤੋਂ ਕੰਮ ਕਰਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦਾ ਸੂਬੇ ਨੂੰ ਤੰਦਰੁਸਤ ਰੱਖਣ ’ਚ ਵੱਡਾ ਯੋਗਦਾਨ ਹੈ। ਨਿੱਜੀ ਵੈੱਬ ਚੈਨਲ ਮਾਲਕ ਨੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਦੀਆਂ ਸਮੱਸਿਆਵਾਂ ਨੂੰ ਜਾਣੇ ਬਿਨਾਂ ਫੋਕੀ ਸ਼ੋਹਰਤ ਲਈ ਝੂਠਾ ਪ੍ਰਚਾਰ ਕੀਤਾ ਹੈ। ਉਨ੍ਹਾਂ ਚੈਨਲ ਮਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਆਲ ਇੰਡੀਆ ਆਸ਼ਾ ਅਤੇ ਫੈਸਿਲੀਟੇਟਰ ਵਰਕਰ ਯੂਨੀਅਨ ਪੰਜਾਬ (ਏਟਕ) ਦੇ ਝੰਡੇ ਹੇਠ ਜਥੇਬੰਦੀ ਦੀ ਜ਼ਿਲ੍ਹਾ ਜਨਰਲ ਸਕੱਤਰ ਸੀਮਾਂ ਸੋਹਲ ਦੀ ਅਗਵਾਈ ਵਿੱਚ ਸ਼ਰਾਰਤੀ ਤੱਤਾਂ ਵਲੋਂ ਆਸ਼ਾ ਵਰਕਰਾਂ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕਰ ਕੇ ਅਰਥੀ ਸਾੜੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਕੁਲਵੰਤ ਕੌਰ, ਸੀਨੀਅਰ ਮੀਤ ਪ੍ਰਧਾਨ ਗੁਰਵੰਤ ਕੌਰ, ਬਲਵਿੰਦਰ ਕੌਰ ਝਬਾਲ, ਹਰਜੀਤ ਕੌਰ, ਰਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਉਸ ਸਮਾਜ ਵਿੱਚੋਂ ਕੋਵਿਡ-19 ਦਾ ਖ਼ਤਮ ਕਰਨ ਲਈ ਦ੍ਰਿੜ ਹਨ। ਆਗੂਆਂ ਨੇ ਕੋਵਿਡ-19 ਦਾ ਕੰਮ ਕਰਨ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਕਰਨ, ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਸਮਝ ਕੇ ਤਨਖ਼ਾਹ ਆਦਿ ਦੇਣ ਦੀ ਮੰਗ ਕੀਤੀ|