ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਅਗਸਤ
ਸ੍ਰੀ ਅਕਾਲ ਤਖ਼ਤ ਵਲੋਂ ਦਿੱਤੇ ਗਏ ਆਦੇਸ਼ਾਂ ਤੋਂ 24 ਘੰਟਿਆਂ ਦੇ ਅੰਦਰ ਹੀ ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪ ਛਾਪਣ ਦੇ ਮਾਮਲੇ ਸਬੰੰਧੀ ਕਾਰਵਾਈ ਸ਼ੁਰੂ ਹੋ ਗਈ ਹੈ। ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਅਨੁਸਾਰ ਛਾਪਾਖਾਨਾ (ਪ੍ਰਿੰਟਿੰਗ ਪ੍ਰੈੱਸ) ਹਟਾਉਣਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਕੈਨੇਡਾ ਵਾਸੀ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਵਲੋਂ ਬਿਨਾਂ ਪ੍ਰਵਾਨਗੀ ਤੋਂ ਕੈਨੇਡਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਸ਼ੁਰੂ ਕਰ ਦਿੱਤੀ ਗਈ ਸੀ। ਸ੍ਰੀ ਅਕਾਲ ਤਖ਼ਤ ਵਲੋਂ ਦੋਵਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਇਕ ਮਹੀਨੇ ਦੇ ਅੰਦਰ ਆਪਣਾ ਸਪੱਸ਼ਟੀਕਰਨ ਭੇਜਣ ਅਤੇ ਹੁਣ ਤੱਕ ਤਿਆਰ ਕੀਤੇ ਗਏ ਸਰੂਪ ਤੇ ਪ੍ਰੈੱਸ ਮਸ਼ੀਨਰੀ ਨੂੰ ਸਰੀ ਦੇ ਗੁਰਦੁਆਰੇ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਵਿਖੇ ਪਹੁੰਚਾਇਆ ਜਾਵੇ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਦਿੱਤਾ ਗਿਆ ਹੈ ਕਿ ਉਹ ਛਾਪੇ ਗਏ ਸਰੂਪਾਂ ਵਿਚ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤਕ ਵਾਧ-ਘਾਟ ਦਾ ਮਿਲਾਨ ਕਰਨ ਅਤੇ ਇਸ ਸਬੰਧੀ ਰਿਪੋਰਟ ਛੇ ਮਹੀਨਿਆਂ ਵਿਚ ਅਕਾਲ ਤਖ਼ਤ ਵਿਖੇ ਭੇਜਣ। ਇਨ੍ਹਾਂ ਆਦੇਸ਼ਾਂ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਵਲੋਂ ਚਲਾਈ ਜਾ ਰਹੀ ਨਿੱਜੀ ਸੰਸਥਾ ਸਤਨਾਮ ਰਿਲੀਜੀਅਸ ਸੁਸਾਇਟੀ ਨੇ ਪ੍ਰਕਾਸ਼ਿਤ ਕੀਤੇ ਸਰੂਪ ਅਤੇ ਪ੍ਰਿੰਟਿੰਗ ਮਸ਼ੀਨ ਸਰੀ ਦੇ ਗੁਰਦੁਆਰੇ ਵਿਚ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਰੇਨ ਦੀ ਮਦਦ ਨਾਲ ਪ੍ਰਿੰਟਿੰਗ ਮਸ਼ੀਨ ਵਾਹਨ ’ਤੇ ਲੱਦ ਕੇ ਗੁਰਦੁਆਰੇ ਪਹੁੰਚਾਈ ਗਈ ਹੈ ਅਤੇ ਪ੍ਰਕਾਸ਼ਿਤ ਸਰੂਪ ਵੀ ਸਤਿਕਾਰ ਸਹਿਤ ਗੁਰਦੁਆਰੇ ਭੇਜ ਦਿੱਤੇ ਗਏ ਹਨ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਵਿਖੇ ਵੀ ਜਾਣਕਾਰੀ ਭੇਜੀ ਗਈ ਹੈ।