ਬਲੀਆ, 25 ਅਗਸਤ
ਉੱਤਰ ਪ੍ਰਦੇਸ਼ ਦੇ ਬਲੀਆ ਵਿਚ ਇਕ ਹਿੰਦੀ ਖ਼ਬਰ ਚੈਨਲ ਦੇ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿਚ ਇਕ ਪੁਲੀਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਛੇ ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੀ ਸ਼ਨਾਖ਼ਤ ਰਤਨ ਸਿੰਘ (45) ਵਜੋਂ ਹੋਈ ਹੈ ਤੇ ਸੋਮਵਾਰ ਰਾਤ ਉਸ ਦੇ ਫੇਫਾਣਾ ਪੁਲੀਸ ਥਾਣਾ ਇਲਾਕੇ ਵਿਚ ਗੋਲੀ ਮਾਰੀ ਗਈ ਹੈ। ਪੁਲੀਸ ਥਾਣਾ ਇੰਚਾਰਜ ਸ਼ਸ਼ੀ ਮੌਲੀ ਪਾਂਡੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਮ੍ਰਿਤਕ ਦੇ ਪਿਤਾ ਨੇ ਦਸ ਜਣਿਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਹੁਣ ਤੱਕ ਛੇ ਮੁਲਜ਼ਮਾਂ- ਸੁਸ਼ੀਲ ਸਿੰਘ, ਦਿਨੇਸ਼ ਸਿੰਘ, ਅਰਵਿੰਦ ਸਿੰਘ, ਸੁਨੀਲ ਸਿੰਘ, ਵੀਰ ਬਹਾਦਰ ਸਿੰਘ ਤੇ ਵਿਨੈ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕ ਪੱਤਰਕਾਰ ਦੇ ਪਰਿਵਾਰ ਨੂੰ 10 ਲੱਖ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਪ੍ਰਗਟਾਇਆ ਹੈ। ਲਖ਼ਨਊ ਵਿਚਲੇ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਏਐੱਸਪੀ ਸੰਜੈ ਯਾਦਵ ਮੁਤਾਬਕ ਮ੍ਰਿਤਕ ਦੇ ਪਿਤਾ ਵਿਨੋਦ ਸਿੰਘ ਨੇ ਦੱਸਿਆ ਕਿ ਸੋਨੂੰ ਸਿੰਘ ਨੇ ਉਸ ਦੇ ਪੁੱਤਰ ਨੂੰ ਰਾਤ 8 ਵਜੇ ਆਪਣੇ ਘਰ ਸੱਦਿਆ। ਉੱਥੇ ਮੁਲਜ਼ਮ ਪਹਿਲਾਂ ਹੀ ਲਾਠੀਆਂ ਤੇ ਪਿਸਤੌਲ ਨਾਲ ਮੌਜੂਦ ਸਨ। ਉਨ੍ਹਾਂ ਕੁੱਟਮਾਰ ਕਰਨ ਮਗਰੋਂ ਰਤਨ ਸਿੰਘ ਨੂੰ ਗੋਲੀ ਮਾਰ ਦਿੱਤੀ। ‘ਬਲੀਆ ਵਰਕਿੰਗ ਜਰਨਲਿਸਟ ਯੂਨੀਅਨ’ ਨੇ ਸਰਕਾਰ ਤੋਂ ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਮਦਦ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਤਨੀ ਨੂੰ ਨੌਕਰੀ ਦੇਣ ਦੀ ਮੰਗ ਵੀ ਕੀਤੀ ਗਈ ਹੈ। ਵਧੀਕ ਡੀਜੀਪੀ (ਕਾਨੂੰਨ ਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਮੁਤਾਬਕ ਸੋਮਵਾਰ ਰਾਤ ਰਤਨ ਸਿੰਘ ਦਾ ਆਪਣੇ ਗੁਆਂਢੀ ਨਾਲ ਜ਼ਮੀਨ-ਜਾਇਦਾਦ ਨੂੰ ਲੈ ਕੇ ਝਗੜਾ ਹੋਇਆ ਸੀ। ਦੋਵਾਂ ਵਿਚਾਲੇ ਪੁਰਾਣੀ ਰੰਜਿਸ਼ ਸੀ ਤੇ ਲੜਾਈ ਮਗਰੋਂ ਉਨ੍ਹਾਂ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਸ ਦੇ ਪੱਤਰਕਾਰ ਹੋਣ ਦਾ ਇਸ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਐਨਐੱਸਏ ਤੇ ਗੈਂਗਸਟਰ ਐਕਟ ਲਾਉਣਾ ਯਕੀਨੀ ਬਣਾਇਆ ਜਾਵੇਗਾ। -ਪੀਟੀਆਈ