ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 10 ਅਗਸਤ
ਪੰਜਾਬ ਪੁਲੀਸ ਨੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਪਿੰਡ ਮਹਾਲਮ ਵਿੱਚ ਛਾਪਾ ਮਾਰ ਕੇ 1200 ਲਿਟਰ ਲਾਹਣ ਬਰਾਮਦ ਕੀਤਾ। ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹਾਲਮ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਲੋਕਾਂ ਦੇ ਘਰਾਂ ਤੋਂ 1200 ਲਿਟਰ ਲਾਹਣ ਅਤੇ 70 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਸਬੰਧੀ 3 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜੈਸਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਿਨਾਂ 5300 ਲਿਟਰ ਲਾਹਣ ਹੋਰ ਸਾਂਝੀਆਂ ਥਾਵਾਂ ਤੋਂ ਵੀ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ। ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਦੌਰਾਨ ਥਾਣਾ ਸਦਰ ਜਲਾਲਾਬਾਦ ਅਤੇ ਥਾਣਾ ਸਦਰ ਅਬੋਹਰ ਵਿੱਚ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਚਾਰ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਬਾਕੀਆਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਕੋਲੋਂ 250 ਨਸ਼ੀਲੀਆਂ ਗੋਲੀਆਂ, 15 ਲਿਟਰ ਲਾਹਣ ਤੇ 44 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ।