ਪੱਤਰ ਪ੍ਰੇਰਕ
ਮਾਨਸਾ, 10 ਅਗਸਤ
ਸੀਨੀਅਰ ਅਕਾਲੀ ਆਗੂ ਅਤੇ ਮਾਨਸਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਤੋੜ ਵਿਛੋੜਾ ਕਰ ਲਿਆ ਹੈ। ਉਨ੍ਹਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਸਿਧਾਂਤਾਂ ਤੋਂ ਥਿੜਕਿਆ ਕਰਾਰ ਦਿੱਤਾ ਹੈ। ਉਹ ਸੇਵਾਮੁਕਤ ਅਧਿਆਪਕ ਹਨ ਅਤੇ ਪੰਜਾਬ ਸਟੇਟ ਅਧਿਆਪਕ ਦਲ ਦੇ ਵੀ ਨੌਕਰੀ ਦੌਰਾਨ ਸੂਬਾ ਪ੍ਰਧਾਨ ਰਹੇ ਹਨ। ਉਹ ਸਿਆਸੀ ਤੌਰ ’ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਵੀ ਨਜ਼ਦੀਕੀ ਰਹੇ ਹਨ। ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥਕ ਤੇ ਪੰਜਾਬ ਪ੍ਰਤੀ ਸਿਧਾਂਤਾਂ ਤੇ ਸਟੈਂਡ ਤੋਂ ਹਿੱਲ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੌਜੂਦਾ ਮੁਖੀ ਹੁਣ ਅਕਾਲੀ ਦਲ ਦੇ ਬੇਮਿਸਾਲ ਤੇ ਸ਼ਾਨਾਮੱਤਾ ਇਤਿਹਾਸ ਭੁੱਲ ਗਏ ਹਨ।
ਦਿਲਚਸਪ ਗੱਲ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂ ਕੁੱਝ ਦਿਨ ਪਹਿਲਾਂ ਹੀ ਸ੍ਰੀ ਕਾਹਨੇਕੇ ਸਮੇਤ ਦੋ ਹੋਰ ਜ਼ਿਲ੍ਹੇ ਦੇ ਮੁੱਖ ਆਗੂਆਂ ਨੂੰ ਮਿਲ ਕੇ ਗਏ ਸਨ ਤੇ ਪਾਰਟੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਸ੍ਰੀ ਕਾਹਨੇਕੇ ਨੇ ਉਨ੍ਹਾਂ ਦੀ ਥਾਪੀ ਦੀ ਨਾ ਪ੍ਰਵਾਹ ਕਰਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ।