ਮੁੰਬਈ, 1 ਸਤੰਬਰ
ਅਦਾਕਾਰਾ ਸ਼੍ਰੀਆ ਪਿਲਗਾਓਂਕਰ ਦਾ ਕਹਿਣਾ ਹੈ ਕਿ ਉਹ ਇੱਕ ਫ਼ਿਲਮ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਚੁੱਕਣ ਦੇ ਮੌਕੇ ਦੀ ਤਲਾਸ਼ ਕਰ ਰਹੀ ਹੈ ਤੇ ਚਾਹੁੰਦੀ ਹੈ ਕਿ ਲੋਕ ਉਸ ਦੀ ਕਾਬਲੀਅਤ ’ਚ ਵਿਸ਼ਵਾਸ ਕਰਨ। ਸਦਾਬਹਾਰ ਅਦਾਕਾਰਾ ਸੁਪ੍ਰਿਆ ਅਤੇ ਸਚਿਨ ਪਿਲਗਾਓਂਕਰ ਦੀ ਧੀ ਸ਼੍ਰੀਆ ਪਿਲਗਾਓਂਕਰ ਨੇ ਆਪਣੇ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਸਾਲ 2013 ਵਿੱਚ ਮਰਾਠੀ ਫ਼ਿਲਮ ‘ਏਕਲਤੀ ਏਕ’ ਰਾਹੀਂ ਕੀਤੀ ਸੀ।
ਇਸ ਮਗਰੋਂ ਉਸ ਨੇ ਸਾਲ 2015 ਵਿੱਚ ਇੱਕ ਫਰੈਂਚ ਕਾਮੇਡੀ ਵਿੱਚ ਕੰਮ ਕੀਤਾ ਤੇ ਇੱਕ ਸਾਲ ਮਗਰੋਂ ਸ਼ਾਹਰੁਖ ਖਾਨ ਦੀ ਫ਼ਿਲਮ ‘ਫੈਨ’ ਵਿੱਚ ਨਿਭਾਈ ਆਪਣੀ ਸ਼ਾਨਦਾਰ ਭੂਮਿਕਾ ਲਈ ਪਛਾਣ ਬਣਾਈ। ਇਸ ਮਗਰੋਂ ਇਸ ਅਦਾਕਾਰਾ ਨੇ ਐਮਾਜ਼ੋਨ ਪ੍ਰਾਈਮ ਵੀਡੀਓ ਸੀਰੀਜ਼ ‘ਮਿਰਜ਼ਾਪੁਰ’ ਅਤੇ 2019 ਵਿੱਚ ਨੈੱਟਫਲਿੱਕਸ ਵੱਲੋਂ ਬਣਾਈ ਫ਼ਿਲਮ ‘ਹਾਊਸ ਅਰੈਸਟ’ ਵਿੱਚ ਆਪਣੀਆਂ ਜਬਰਦਸਤ ਭੂਮਿਕਾਵਾਂ ਨਾਲ ਦਰਸ਼ਕਾਂ ਦੇ ਮਨਾਂ ’ਤੇ ਨਿਵੇਕਲੀ ਛਾਪ ਛੱਡੀ, ਪਰ ਸ਼੍ਰੀਆ ਪਿਲਗਾਓਂਕਰ ਨੂੰ ਫ਼ਿਲਮਾਂ ਵਿੱਚ ਵੀ ਅਜਿਹੇ ਹੀ ਮੌਕਿਆਂ ਦੀ ਤਲਾਸ਼ ਹੈ। -ਪੀਟੀਆਈ