ਦੀਪਕ ਠਾਕੁਰ
ਤਲਵਾੜਾ, 16 ਅਗਸਤ
ਇੱਥੇ ਕਸਬਾ ਦਾਤਾਰਪੁਰ ’ਚੋਂ ਲੰਘਦੀ ਕੰਢੀ ਕਨਾਲ ਵਿੱਚ ਦੇਰ ਰਾਤ ਕਰੀਬ 20 ਮੀਟਰ ਪਾੜ ਪੈਣ ਕਾਰਨ ਪਿੰਡ ਰੱਕੜੀ ਹਾਰ ਦੀ ਰਿਹਾਇਸ਼ੀ ਅਬਾਦੀ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਕਰੀਬ ਅੱਧੀ ਦਰਜਨ ਪਰਿਵਾਰਾਂ ਨੇ ਰਾਤ ਜਾਗ ਕੇ ਕੱਟੀ। ਵਿਧਾਇਕ ਅਰੁਣ ਕੁਮਾਰ ਨੇ ਮੌਕੇ ਦਾ ਦੌਰਾ ਕੀਤਾ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਵਿਭਾਗ ਦੇ ਐੱਸਡੀਓ ਨੇ ਪਾਵਰ ਹਾਊਸ ਦੀਆਂ ਟਰਬਾਈਨਾਂ ਵਿੱਚ ਤਕਨੀਕੀ ਨੁਕਸ ਕਾਰਨ ਇਹ ਘਟਨਾ ਵਾਪਰਨ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ।
ਪਿੰਡ ਰੱਕੜੀ ਹਾਰ ਦੀ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਨੌਂ ਵਜੇ ਕੰਢੀ ਕਨਾਲ ਵਿੱਚ ਪਾਣੀ ਓਵਰਫਲੋਅ ਹੋਣਾ ਸ਼ੁਰੂ ਹੋ ਗਿਆ ਸੀ। ਰਾਤ ਕਰੀਬ ਸਾਢੇ ਦਸ ਵਜੇ ਨਹਿਰ ਵਿੱਚ ਪਾੜ ਪੈ ਗਿਆ, ਜਿਸ ਕਾਰਨ ਪਿੰਡ ਦੇ ਨਿਵਾਣ ਵਿੱਚ ਰਹਿੰਦੇ ਧਰਮਪਾਲ, ਪਰਮਜੀਤ ਸਿੰਘ, ਰਾਮ ਮੂਰਤੀ, ਸ਼ਮਸ਼ੇਰ ਸਿੰਘ ਦੇ ਘਰਾਂ ਵਿੱਚ ਪਾਣੀ ਭਰ ਗਿਆ। ਰਾਮ ਮੂਰਤੀ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਵੀ ਨਹਿਰ ਵਿੱਚ ਪਾਣੀ ਵਧ ਗਿਆ ਸੀ ਤੇ ਇਹ ਨਹਿਰ ਦੇ ਉਪਰੋਂ ਲੰਘ ਰਿਹਾ ਸੀ ਜਿਸ ਦੀ ਸੂਚਨਾ ਸਬੰਧਤ ਵਿਭਾਗ ਨੂੰ ਦਿੱਤੀ ਗਈ ਸੀ। ਰਾਤ ਵੀ ਨਹਿਰ ਵਿੱਚ ਪਾਣੀ ਵਧ ਸੀ, ਪਾੜ ਪੈਣ ਕਾਰਨ ਪਾਣੀ ਉਨ੍ਹਾਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ। ਡਰਦੇ ਹੋਏ ਉਹ ਆਪਣੇ ਪਰਿਵਾਰਾਂ ਸਮੇਤ ਉੱਚੀ ਥਾਂ ’ਤੇ ਚਲੇ ਗਏ। ਸਵੱਖਤੇ ਕਰੀਬ ਸਾਢੇ ਤਿੰਨ ਵਜੇ ਪਾਣੀ ਉਤਰਨ ਉਪਰੰਤ ਉਹ ਵਾਪਸ ਪਰਤੇ। ਉਨ੍ਹਾਂ ਦੱਸਿਆ ਕਿ ਪਾੜ ਪੈਣ ਕਾਰਨ ਰੱਕੜੀ ਹਾਰ, ਦੇਪੁਰ ਤੇ ਰੇਪੁਰ ਆਦਿ ਪਿੰਡਾਂ ਦੀ ਕਰੀਬ 20 ਕਿੱਲੇ ਜ਼ਮੀਨ ਵਿੱਚ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ। ਦੋ-ਤਿੰਨ ਤੂੜੀ ਦੇ ਕੁੱਪ ਰੁੜ੍ਹ ਗਏ ਹਨ, ਇੱਕ ਪਸ਼ੂਆਂ ਦੀ ਹਵੇਲੀ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮਾਲ ਵਿਭਾਗ ਦੀ ਟੀਮ ਜਾਇਜ਼ਾ ਲੈ ਰਹੀ ਹੈ: ਐੱਸਡੀਓ
ਕੰਢੀ ਕਨਾਲ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੰਢੀ ਕਨਾਲ ਨਹਿਰ ਤਲਵਾੜਾ ਦੇ ਪਿੰਡ ਚੱਕਮੀਰਪੁਰ ਦੇ ਨਜ਼ਦੀਕ ਤੋਂ ਨਿਕਲਦੀ ਹੈ। ਆਰਡੀ ਨੰਬਰ 4800 ਦੇ ਕਰੀਬ ਰਾਤ ਨਹਿਰ ਵਿੱਚ ਪਾੜ ਪਿਆ ਹੈ। ਉਨ੍ਹਾਂ ਕਿਹਾ ਕਿ 900 ਮੀਟਰ ਡਾਊਨ ਸਟਰੀਮ ’ਤੇ ਪਾਵਰ ਹਾਊਸ ਸਥਿਤ ਹੈ। ਨੁਕਸਾਨ ਦੀ ਭਰਪਾਈ ਲਈ ਮਾਲ ਵਿਭਾਗ ਦੀ ਟੀਮ ਜਾਇਜ਼ਾ ਲੈ ਰਹੀ ਹੈ।