ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਗੜ੍ਹਸ਼ੰਕਰ, 16 ਅਗਸਤ
ਨਜ਼ਦੀਕੀ ਪਿੰਡ ਲੰਗੇਰੀ ਵਿੱਚ ਉੱਘੇ ਕਮਿਊਨਿਸਟ ਆਗੂ ਤੇ ਪਿੰਡ ਦੇ ਸਰਪੰਚ ਕਾਮਰੇਡ ਮਨਜੀਤ ਸਿੰਘ ਲਾਲੀ ਨਮਿੱਤ ਸ਼ੋਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵਲੋਂ ਕਾਮਰੇਡ ਲਾਲੀ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਮੁੱਖ ਬੁਲਾਰਿਆਂ ਵਿੱਚ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਪਲਸ ਮੰਚ ਦੇ ਸੂਬਾਈ ਪ੍ਰਧਾਨ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਆਗੂ ਅਮੋਲਕ ਸਿੰਘ, ਕਾ. ਦਰਸ਼ਨ ਸਿੰਘ ਮੱਟੂ, ਪ੍ਰਾਈਮ ਏਸ਼ੀਆ ਤੇ ਨਵਾਂ ਜ਼ਮਾਨਾ ਟਰੱਸਟ ਵੱਲੋਂ ਪਹੁੰਚੇ ਕਾਮਰੇਡ ਜਤਿੰਦਰ ਪੰਨੂੰ ਨੇ ਕਾਮਰੇਡ ਮਨਜੀਤ ਸਿੰਘ ਲਾਲੀ ਦੇ ਜੀਵਨ ਸੰਘਰਸ਼ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਕਾਮਰੇਡ ਲਾਲੀ ਨੇ ਆਪਣੀ ਦੇਹ ਖੋਜ ਕਾਰਜਾਂ ਲਈ ਪੀਜੀਆਈ ਨੂੰ ਦੇਣ ਦੀ ਵਸੀਅਤ ਵੀ ਕੀਤੀ ਹੋਈ ਸੀ ਜੋ ਕਰੋਨਾ ਕਾਰਨ ਸੰਭਵ ਨਾ ਹੋ ਸਕਿਆ। ਇਸ ਮੌਕੇ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪੰਜਾਬ ਕਾਂਗਰਸ ਦੇ ਬੁਲਾਰਾ ਨਮਿਸ਼ਾ ਮਹਿਤਾ, ਜਥੇਦਾਰ ਸੁਖਦੇਵ ਸਿੰਘ, ਪੇਂਡੂ ਮਜ਼ਦੂਰ ਯੁਨੀਅਨ ਦੇ ਆਗੂ ਮਹਿੰਦਰ ਸਿੰਘ ਖੈਰੜ, ਲੇਖਕ ਵਿਜੈ ਬੰਬੇਲੀ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਆਦਿ ਆਗੂਆਂ ਸ਼ਰਧਾਂਜਲੀਆਂ ਭੇਟ ਕੀਤੀਆਂ।