ਨਿਊ ਯਾਰਕ, 25 ਅਗਸਤ
ਭਾਰਤੀ ਮੂਲ ਦੀ ਔਰਤ ਅਤੇ ਉਸ ਦੀ ਧੀ ਨੂੰ ਧੋਖਾਧੜੀ ਨਾਲ ਬੀਮਾ ਰਕਮ ਪ੍ਰਾਪਤ ਕਰਨ ਲਈ ਆਪਣੀ ਦੁਕਾਨ ਨੂੰ ਅੱਗ ਲਾਉਣ ਦੀ ਸਾਜ਼ਿਸ਼ ਰਚਣ ਬਦਲੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਨਜੀਤ (49) ਅਤੇ ਉਸ ਦੀ ਧੀ ਹਰਪਨੀਤ ਬਾਠ (27), ਜੋ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਵਾਸੀ ਹਨ, ਨੂੰ ਕੈਂਟਕੀ ਦੀ ਸੰਘੀ ਅਦਾਲਤ ਨੇ ਕ੍ਰਮਵਾਰ 18 ਮਹੀਨੇ ਅਤੇ ਨੌਂ ਮਹੀਨਿਆਂ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਮਨਜੀਤ ਨੇ ਕੈਂਟਕੀ ਵਿਚ ਉਸ ਦੇ ਸਟੋਰ ਨੂੰ ਅੱਗ ਲਾਉਣ ਲਈ ਇਕ ਵਿਅਕਤੀ ਨੂੰ 5000 ਡਾਲਰ ਦੀ ਅਦਾਇਗੀ ਕਰਨ ਦਾ ਗੁਨਾਹ ਕਬੂਲ ਕੀਤਾ ਹੈ। ਉਹ ਬੀਮੇ ਦੇ ਪੈਸੇ ਲੈਣ ਲਈ ਦੁਕਾਨ ਨੂੰ ਅੱਗ ਲਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਔਰਤ ਦੀ ਧੀ ਵੀ ਕੈਂਟਕੀ ਆਈ ਸੀ ਅਤੇ ਇਸ ਗੁਨਾਹ ਵਿੱਚ ਆਪਣੀ ਮਾਂ ਦੀ ਮਦਦ ਕੀਤੀ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਸਾਜ਼ਿਸ਼ ਨਾਕਾਮ ਕਰ ਦਿੱਤੀ ਸੀ। ਸਜ਼ਾ ਤੋਂ ਇਲਾਵਾ ਦੋਵਾਂ ਨੂੰ ਸਾਂਝੇ ਤੌਰ ‘ਤੇ, 7,500 ਅਤੇ ਬਾਠ ਨੂੰ 2,500 ਡਾਲਰ ਦਾ ਜ਼ੁਰਮਾਨਾ ਕੀਤਾ ਗਿਆ ਹੈ।