ਗੁਰਬਖ਼ਸ਼ਪੁਰੀ
ਤਰਨ ਤਾਰਨ, 24 ਅਗਸਤ
ਇਲਾਕੇ ਦੇ ਕਈ ਪਿੰਡਾਂ ਦੇ ਗ਼ਰੀਬ ਲੋਕਾਂ ਵੱਲੋਂ ਸਸਤਾ ਅਨਾਜ ਆਦਿ ਦੇਣ ਲਈ ਉਨ੍ਹਾਂ ਦੇ ਨਾਂ ਲਿਸਟ ਵਿੱਚੋਂ ਕੱਟ ਦੇਣ ਖਿਲਾਫ਼ ਵਿਰੋਧ ਪ੍ਰਗਟ ਕੀਤਾ ਜਾ ਰਿਹਾ ਹੈ| ਇਸ ਤਹਿਤ ਕੱਕਾ ਕੰਡਿਆਲਾ ਦੀ ਪ੍ਰਕਾਸ਼ ਕੌਰ, ਪਰਮਜੀਤ ਕੌਰ, ਅਮਰਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਸਵਰਨ ਕੌਰ ਦੀ ਅਗਵਾਈ ਵਿੱਚ ਪਿੰਡ ਦੇ ਪੀੜਤ ਲੋਕਾਂ ਨੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾ ਕੇ ਅਧਿਕਾਰੀਆਂ ਨੂੰ ਇੱਕ ਮੰਗ-ਪੱਤਰ ਦਿੱਤਾ। ਇਸ ਦੇ ਨਾਲ ਹੀ ਅੱਜ ਇਲਾਕੇ ਦੇ ਪਿੰਡ ਦਦੇਹਰ ਸਾਹਿਬ ਦੇ ਪਿੰਡ ਦੇ ਲੋਕਾਂ ਡੀਪੂ ਹੋਲਡਰ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਰੋਸ ਵਿਖਾਵਾ ਕੀਤਾ| ਲੋਕਾਂ ਦੀ ਅਗਵਾਈ ਸੀਪੀਆਈ ਦੇ ਬਲਾਕ ਸਕੱਤਰ ਕਾ. ਬਲਵਿੰਦਰ ਸਿੰਘ ਦਦੇਹਰ ਨੇ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੀ ਧੜੇਬੰਦੀ ਅਤੇ ਸਿਆਸੀ ਸ਼ਹਿ ਦੇ ਆਧਾਰ ਤੇ ਵਿਰੋਧੀ ਵਿਚਾਰਾਂ ਵਾਲੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਖਾਰਜ ਕਰ ਦਿੱਤੇ ਗਏ ਹਨ ਜਿਸ ਨਾਲ ਉਨ੍ਹਾਂ ਨੂੰ ਸਸਤੀਆਂ ਦਰਾਂ ਤੇ ਅਨਾਜ ਆਦਿ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪਾਰਟੀ ਨੇ ਕੱਟੇ ਕਾਰਡ ਬਹਾਲ ਨਾ ਕੀਤੇ ਜਾਣ ਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ| ਇਸ ਮੌਕੇ ਰਣਯੋਧਬੀਰ ਸਿੰਘ, ਲਾਭ ਸਿੰਘ, ਜਗਰੂਪ ਸਿੰਘ, ਜਗੀਰ ਕੌਰ ਅਤੇ ਸੁਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ|