ਪੱਤਰਕਾਰੀ ਨਾਲ ਅਨਿਆਂ
14 ਅਗਸਤ ਨੂੰ ਸੰਪਾਦਕੀ ‘ਜ਼ਹਿਰ ਉਗਲਦੀਆਂ ਬਹਿਸਾਂ’ ਅੱਜ ਦੇ ਟੀਵੀ ਐਂਕਰਾਂ ’ਤੇ ਕਰਾਰੀ ਚੋਟ ਹੈ। ਉਂਜ ਇਨ੍ਹਾਂ ਨੂੰ ਐਂਕਰ ਕਹਿਣਾ ਹੀ ਪੱਤਰਕਾਰੀ ਨਾਲ ਅਨਿਆਂ ਹੈ। ਇਹ ਤਾਂ ਪਾਰਟੀ ਵਰਕਰਾਂ ਤੋਂ ਵਧ ਕੇ, ਖ਼ਰੀਦੇ ਜਮੂਰਿਆਂ ਦੇ ਤੌਰ ’ਤੇ ਕੰਮ ਕਰ ਰਹੇ ਹਨ ਜੋ ਪ੍ਰੈੱਸ ਦੇ ਨਾਮ ’ਤੇ ਧੱਬਾ ਹਨ। ਕਈ ਤਾਂ ਵਿਰੋਧੀਆਂ ਨਾਲ ਗੁੰਡਿਆਂ ਵਰਗਾ ਵਿਹਾਰ ਕਰਦੇ ਹਨ। ਅੱਜ ਦੇ ਦੌਰ ਵਿਚ ਐਨਡੀਟੀਵੀ ਦੇ ਰਵੀਸ਼ ਕੁਮਾਰ ਵਰਗੇ ਪੱਤਰਕਾਰ ਹੀ ਆਸ ਦੀ ਕਿਰਨ ਹਨ। ਵਿਕੀ ਹੋਈ ਪੱਤਰਕਾਰੀ ਵਾਲਾ ਮਾਹੌਲ ਭਾਰਤੀ ਲੋਕਤੰਤਰ ਅਤੇ ਸਮਾਜ ਲਈ ਖ਼ਤਰੇ ਦੀ ਘੰਟੀ ਹੈ।
ਸਰਵਨ ਸਿੰਘ ਕਾਲਾਬੂਲਾ, ਈਮੇਲ
ਸਪੱਸ਼ਟ ਸਾਦੀ ਭਾਸ਼ਾ
13 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਦੋ ਅਹਿਮ ਲਿਖਤਾਂ ਹਨ। ਇਕ ਹੈ ਸੰਪਾਦਕੀ ‘ਪੱਤਰਕਾਰ ਤੇ ਚਿੰਤਕ ਨਿਸ਼ਾਨੇ ’ਤੇ’ ਅਤੇ ਦੂਜਾ ਡਾ. ਹਜ਼ਾਰਾ ਸਿੰਘ ਚੀਮਾ ਦਾ ਲੇਖ ‘ਕਰੋਨਾ ਦੇ ਬਹਾਨੇ ਜਮਹੂਰੀ ਹੱਕਾਂ ’ਤੇ ਵਾਰ’ ਹੈ ਜਿਸ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਘਿਨਾਉਣੇ ਮਨਸੂਬਿਆਂ ਅਤੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਬੜੇ ਸੋਹਣੇ ਤੇ ਸਪੱਸ਼ਟ, ਸ਼ਾਦੀ ਭਾਸ਼ਾ ਵਿਚ ਪੇਸ਼ ਕੀਤਾ ਗਿਆ ਹੈ। ਕੇਂਦਰ ਸਰਕਾਰ ਦੁਆਰਾ ‘ਆਫ਼ਤ ਨੂੰ ਅਵਸਰ’ ਵਿਚ ਬਦਲਣ ਦੀ ਨੀਤੀ, ਕੇਂਦਰ ਸਰਕਾਰ ਦੀ ਖੋਟੀ ਨੀਤ ਦਾ ਪਰਦਾ ਚਾਕ ਕੀਤਾ ਗਿਆ ਹੈ। ਜੇਕਰ ਅਜੇ ਵੀ ਅਸੀਂ ਨੀਂਦ ’ਚੋਂ ਨਾ ਜਾਗੇ ਤਾਂ ਆਉਣ ਵਾਲਾ ਵਕਤ ਬੇਹੱਦ ਮਾੜਾ ਹੋਵੇਗਾ। ਫਿਰ ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਹੋਵੇਗਾ।
ਸੁਰਿੰਦਰ ਰਾਮ ਕੁੱਸਾ, ਈਮੇਲ
ਧੀਆਂ ਦੇ ਹੱਕ
13 ਅਗਸਤ ਦਾ ਸੰਪਾਦਕੀ ‘ਧੀਆਂ ਨੂੰ ਜਾਇਦਾਦ ਵਿਚ ਬਰਾਬਰੀ ਦਾ ਹੱਕ’ ਪੜ੍ਹਿਆ। ਸਭ ਤੋਂ ਪਹਿਲਾਂ ਤਾਂ ਇਸ ਫ਼ੈਸਲੇ ਦਾ ਸਵਾਗਤ ਹੈ ਤੇ ਨਾਲ ਕੁਝ ਸ਼ੰਕੇ ਵੀ ਹਨ। ਕਿਤੇ ਇਸ ਫ਼ੈਸਲੇ ਨਾਲ ਭਰੂਣ ਹੱਤਿਆ ਵਰਗੀ ਸਮੱਸਿਆ ਪਹਿਲਾਂ ਨਾਲੋਂ ਵਧ ਨਾ ਜਾਏ! ਹੁਣ ਤਕ ਤਾਂ ਮੁੰਡੇ ਜੰਮਣ ਦੀ ਲਾਲਸਾ ਸਿਰਫ਼ ਵੰਸ਼ ਅੱਗੇ ਤੋਰਨ ਤਕ ਸੀਮਤ ਸੀ ਪਰ ਹੁਣ ਧੀ ਵੱਲੋਂ ਆਪਣੇ ਪਿਤਾ ਤੋਂ ਜਾਇਦਾਦ ਵੰਡਾਉਣ ਦਾ ਲਾਲਚ ਜੁੜ ਸਕਦਾ ਹੈ। ਦੂਜਾ, ਸਮਾਜ ਦੀ ਮਨੋਦਸ਼ਾ ਕੀ ਹੈ? ਕੀ ਉਹ ਇਸ ਫ਼ੈਸਲੇ ਨੂੰ ਹਜ਼ਮ ਕਰੇਗਾ? ਮੇਰਾ ਵਿਚਾਰ ਫ਼ੈਸਲੇ ਦਾ ਵਿਰੋਧ ਨਹੀਂ, ਬਰਾਬਰੀ ਦਾ ਹੱਕ ਮਿਲਣ ਵਰਗੀ ਖੁਸ਼ੀ ਦਾ ਸਾਨੀ ਕੋਈ ਨਹੀਂ ਹੁੰਦਾ ਪਰ ਨਾਲ ਹੀ ਇਹ ਦੇਖਣ ਦੀ ਲੋੜ ਹੈ ਕਿ ਇਹ ਫ਼ੈਸਲਾ ਜ਼ਮੀਨੀ ਹਕੀਕਤਾਂ ਦੇ ਹਾਣ ਦਾ ਹੋਵੇ। ਲੋਕਾਂ ਵਿਚ ਸਾਹਿਤ, ਉੱਤਮ ਲਿਖਤਾਂ ਪੜ੍ਹਨ ਦੀ ਆਦਤ ਪਵੇ ਤਾਂ ਸਮਾਜਿਕ ਹਾਲਤ ਇੰਨੀ ਕੁ ਵਿਕਸਿਤ ਹੋ ਜਾਏਗੀ ਕਿ ਅਜਿਹੇ ਫ਼ੈਸਲਿਆਂ ਦੀ ਲੋੜ ਹੀ ਨਹੀਂ ਰਹੇਗੀ।
ਸੰਦੀਪ ਕੁਮਾਰ ਸਿੰਗਲਾ, ਬਠਿੰਡਾ
ਸਿੱਖਿਆ ਅਤੇ ਨਾਬਰਾਬਰੀ
12 ਅਗਸਤ ਨੂੰ ਡਾ. ਕੁਲਦੀਪ ਪੁਰੀ ਦਾ ਲੇਖ ‘ਨਵੀਂ ਸਿੱਖਿਆ ਨੀਤੀ: ਨਾਬਰਾਬਰੀ ਵੱਲ ਤੁਰਦੇ ਕਦਮ’ ਪੜ੍ਹਿਆ। ਦੇਸ਼ ਵਿਚ ਲਾਗੂ ਸਿੱਖਿਆ ਨੀਤੀਆਂ ਮਨੁੱਖੀ ਵਿਕਾਸ ਕਰਨ ਵਾਲੀਆਂ ਨਹੀਂ। ਤਕਨੀਕੀ ਸਿੱਖਿਆ ਰੁਜ਼ਗਾਰ ਦਿਵਾਉਣ ਦੀ ਥਾਂ ਬੇਰੁਜ਼ਗਾਰੀ ਵਿਚ ਵਾਧਾ ਕਰਨ ਵਾਲੀ ਹੈ। ਕੇਂਦਰ ਦੀ ਨਵੀਂ ਸਿੱਖਿਆ ਨੀਤੀ ਸਿੱਖਿਆ ਦੇ ਖੇਤਰ ਵਿਚ ਜਵਾਕਾਂ ਦੀਆਂ ਰੁਚੀਆਂ ਅਨੁਸਾਰ ਜੋਖ਼ਮ ਭਰੀ ਸਾਬਿਤ ਹੋ ਰਹੀ ਹੈ। ਉੱਚ ਪੱਧਰ ਦੀ ਸਿੱਖਿਆ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਨ ਵਾਲੀ ਹੋਣੀ ਚਾਹੀਦੀ ਹੈ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)
(2)
ਡਾ. ਕੁਲਦੀਪ ਪੁਰੀ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਨਾਬਰਾਬਰੀ ਵੱਲ ਤੁਰਦੇ ਕਦਮ’ ਪੜ੍ਹਿਆ। ਸੋਚਦੀ ਹਾਂ ਕਿ ਅੱਜ ਕਿੰਨੇ ਲੋਕ ਬੇਰੁਜ਼ਗਾਰ ਹਨ। ਹਰ ਸਾਲ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਜਾਂਦੀ ਹੈ। ਕੀ ਸਰਕਾਰ ਕੋਲ ਇਨ੍ਹਾਂ ਨੂੰ ਦੇਣ ਲਈ ਨੌਕਰੀਆਂ ਹਨ? ਸਰਕਾਰ ਇਸ ਪਾਸੇ ਇੰਤਜ਼ਾਮ ਕਿਉਂ ਨਹੀਂ ਕਰ ਰਹੀ?
ਨਿਕਿਤਾ ਸ਼ਰਮਾ, ਈਮੇਲ
ਧਾੜਵੀ ਤੇ ਲੁਟੇਰੇ
12 ਅਗਸਤ ਨੂੰ ਵਿਰਾਸਤ ਪੰਨੇ ’ਤੇ ਅਜੀਤ ਸਿੰਘ ਖੰਨਾ ਦੁਆਰਾ ਲਿਖੇ ਸ਼ਹੀਦ ਕਰਨੈਲ ਸਿੰਘ ਬਾਰੇ ਲੇਖ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਡੱਚ, ਪੁਰਤਗਾਲੀ, ਫ਼ਰਾਂਸੀਸੀ ਅਤੇ ਅੰਗਰੇਜ਼ਾਂ ਦੇ ਨਾਲ ਨਾਲ ਮੁਗ਼ਲ ਸ਼ਾਸਕਾਂ ਨੂੰ ਵੀ ਧਾੜਵੀ ਅਤੇ ਲੁਟੇਰੇ ਦੱਸਿਆ। ਮੁਗ਼ਲ ਸ਼ਾਸਕ ਲੁਟੇਰੇ ਨਹੀਂ ਸਨ। ਉਹ ਭਾਰਤ ਆਏ ਅਤੇ ਇੱਥੇ ਹੀ ਵੱਸ ਗਏ, ਅੰਗਰੇਜ਼ਾਂ ਵਾਂਗ ਉਨ੍ਹਾਂ ਨੇ ਸਾਡੇ ਦੇਸ਼ ਤੋਂ ਲੁੱਟ ਕੇ ਆਪਣੇ ਦੇਸ਼ ਨਹੀਂ ਭੇਜਿਆ। ਇੱਥੇ ਰਹਿ ਕੇ ਇੱਥੇ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਕੰਮ ਕੀਤਾ। ਅੱਜ ਭਾਰਤ ਕੋਲ ਜਿਹੜਾ ਟੂਰਿਜ਼ਮ ਹੈ, ਉਸ ਵਿਚ ਮੁਗ਼ਲਾਂ ਦੀ ਬਹੁਤ ਵੱਡੀ ਦੇਣ ਹੈ। ਮੁਗ਼ਲ ਪ੍ਰਸ਼ਾਸਨ ਸਮੇਂ ਭਾਰਤ ਵਿਚ ਜੋ ਵੀ ਕਲਾ ਅਤੇ ਆਰਕੀਟੈਕਚਰ ਦਾ ਜੋ ਵਿਕਾਸ ਹੋਇਆ, ਉਸ ਦਾ ਸਾਰਾ ਸਿਹਰਾ ਮੁਗ਼ਲਾਂ ਨੂੰ ਹੀ ਜਾਂਦਾ ਹੈ।
ਅਮਨਪ੍ਰੀਤ ਕੌਰ, ਪਟਿਆਲਾ
ਰੱਬ ਵਰਗੇ ਬੰਦੇ
11 ਅਗਸਤ ਨੂੰ ਮਿਡਲ ‘ਰੱਬ ਵਰਗੇ ਬੰਦੇ’ ਵਿਚ ਗੁਰਮੀਤ ਸੁਖਪੁਰ ਦੇ ਦਰਸਾਏ ਅਧਿਆਪਕਾਂ ਦੀ ਅੱਜ ਬੜੀ ਲੋੜ ਹੈ। ਅੱਜ ਜਦੋਂ ਸਰਕਾਰਾਂ ਆਮ ਤਬਕਿਆਂ ਦੇ ਬੱਚਿਆਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡ ਰਹੀਆਂ ਤਾਂ ਅਜਿਹੇ ਅਧਿਆਪਕ ਪੁਲਾਂ ਦਾ ਕੰਮ ਕਰ ਸਕਦੇ ਹਨ।
ਰੇਸ਼ਮ ਕੌਰ, ਚੰਡੀਗੜ੍ਹ
ਵੱਡੇ ਦਿਲ ਵਾਲਾ
7 ਅਗਸਤ ਨੂੰ ਮਿਡਲ ‘ਤਪੱਸਵੀ ਨੂੰ ਸਿਜਦਾ’ ਪੜ੍ਹਿਆ। ਭਗਤ ਪੂਰਨ ਸਿੰਘ ਮਹਾਨ ਸ਼ਖ਼ਸੀਅਤ ਸਨ। ਮੋਹਨ ਸ਼ਰਮਾ ਨੇ ਯਾਦਾਂ ਤਾਜ਼ਾ ਕਰ ਕੇ ਵਧੀਆ ਕੀਤਾ। 1980 ਦੀ ਇਕ ਤਸਵੀਰ ਅੱਖਾਂ ਸਾਹਮਣੇ ਆਉਂਦੀ ਹੈ, ਭਗਤ ਪੂਰਨ ਸਿੰਘ ਜੀ ਤਸਲਾ (ਬੱਠਲ਼) ਲੈ ਕੇ ਹਰਿਮੰਦਰ ਸਾਹਿਬ ਦੀ ਡਿਉਢੀ ਸਾਹਮਣੇ ਬੈਠੇ ਸਨ। ਅਸੀਂ ਉੱਥੋਂ ਕੁਝ ਪੰਨੇ ਪੜ੍ਹਨ ਲਈ ਚੁੱਕ ਲਏ ਤੇ ਜੋ ਵੀ ਬੱਠਲ਼ ਵਿਚ ਪਾ ਸਕਦੇ ਸੀ, ਪਾਇਆ। ਕਿੰਨਾ ਵੱਡਾ ਦਿਲ ਸੀ ਭਗਤ ਜੀ ਦਾ। ਇਸੇ ਦਿਨ ਸੰਪਾਦਕੀ ‘ਅਪਰੇਸ਼ਨਾਂ ਉੱਤੇ ਰੋਕ’ ਪੜ੍ਹ ਕੇ ਹੈਰਾਨੀ ਹੋਈ। ਉਹ ਮਰੀਜ਼ ਜਿਸ ਦਾ ਇਲਾਜ ਸਿਰਫ਼ ਅਪਰੇਸ਼ਨ ਹੋਵੇਗਾ, ਕਿੰਨਾ ਤੰਗ ਹੋਵੇਗਾ? ਜ਼ਾਹਿਰ ਹੈ ਕਿ ਇਨ੍ਹਾਂ 15 ਦਿਨ ਦੀ ਰੋਕ ਦੌਰਾਨ ਪ੍ਰਾਈਵੇਟ ਹਸਪਤਾਲਾਂ ਨੂੰ ਲਾਭ ਪਹੁੰਚਾਉਣ ਦਾ ਵਿਚਾਰ ਲੱਗਦਾ ਹੈ।
ਪੁਸ਼ਪਿੰਦਰਜੀਤ ਕੌਰ, ਚੰਡੀਗੜ੍ਹ