ਜੈਸਮੀਨ ਭਾਰਦਵਾਜ
ਨਾਭਾ, 31 ਅਗਸਤ
ਪੋਸਟ ਮੈਟ੍ਰਿਕ ਵਜ਼ੀਫਾ ਘੁਟਾਲੇ ਸਬੰਧੀ ਐਸਸੀ ਬੀਸੀ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹਨ। ਅੱਜ ਲੋਕ ਇਨਸਾਫ ਪਾਰਟੀ ਦੇ ਮੈਂਬਰਾਂ ਵੱਲੋਂ ਨਾਭਾ ਵਿਚ ਧਰਮਸੋਤ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲੀਸ ਵੱਲੋਂ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਲਿਆ ਗਿਆ।
ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਹਲਕਾ ਮੁਖੀ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਕਮੀਜ਼ਾਂ ਲਾਹ ਕੇ ਪੁਲੀਸ ਨੂੰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵਿਚ ਆਮ ਲੋਕਾਂ ਦੀ ਹਾਲਤ ਕੱਪੜੇ ਲਾਹੁਣ ਦੀ ਹੋ ਗਈ ਹੈ। ਪੁਲੀਸ ਵੱਲੋਂ ਰੋਕੇ ਜਾਣ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਨਾਅਰੇਬਾਜ਼ੀ ਕੀਤੀ ਅਤੇ ਧਰਮਸੋਤ ਦਾ ਅਸਤੀਫਾ ਮੰਗਿਆ। ਗਿਆਸਪੁਰਾ ਨੇ ਕਿਹਾ ਕਿ ਜੇਕਰ ਇਕ ਹਫਤੇ ਵਿਚ ਇਸ ਮਾਮਲੇ ਵਿਚ ਕਾਰਵਾਈ ਨਾ ਹੋਈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਦਲਿਤਾਂ ਲਈ ਸੀਟ ਇਸ ਲਈ ਰਾਖਵੀਂ ਕੀਤੀ ਜਾਂਦੀ ਹੈ ਤਾਂ ਕਿ ਉਹ ਵਿਧਾਨ ਸਭਾ ਵਿਚ ਉਨ੍ਹਾਂ ਦੀ ਆਵਾਜ਼ ਚੁੱਕ ਸਕਣ ਨਾ ਕਿ ਇਸ ਕਰਕੇ ਕਿ ਉਹ ਦਲਿਤਾਂ ਦੇ ਹੀ ਪੈਸੇ ਹੜੱਪ ਜਾਣ। ਉਨ੍ਹਾਂ ਧਰਮਸੋਤ ਦੀ ਜਾਇਦਾਦ ਉੱਪਰ ਵੀ ਸਵਾਲ ਚੁੱਕੇ।
‘ਆਪ’ ਆਗੂਆਂ ਨੇ ਵਜ਼ੀਫਾ ਘੁਟਾਲੇ ਬਾਰੇ ਜਾਗਰੂਕ ਕੀਤਾ
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਦਲਿਤ ਪਰਿਵਾਰਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਸ ਘੁਟਾਲੇ ਸਬੰਧੀ ਜਾਗਰੂਕ ਕਰ ਰਹੇ ਹਨ। ਪਾਰਟੀ ਦੇ ਸੂਬਾ ਦਲਿਤ ਵਿੰਗ ਦੇ ਪ੍ਰਧਾਨ ਦੇਵ ਮਾਨ ਵੱਲੋਂ ਅੱਜ ਬਾਜ਼ੀਗਰ ਬਸਤੀ ਵਿਚ ਜਾ ਕੇ ਧਰਮਸੋਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।