ਬਾਲਦ ਕਲਾਂ ਵਾਲਾ ਮਾਡਲ
5 ਸਤੰਬਰ ਦੇ ਖੇਤੀ ਪੰਨੇ ’ਤੇ ਡਾ. ਕੁਲਦੀਪ ਸਿੰਘ ਦੀਪ ਹੋਰਾਂ ਦਾ ਲੇਖ ‘ਭੁੱਖ ਤੋਂ ਮੁਕਤੀ ਦਾ ਮਾਡਲ : ਬਾਲਦ ਕਲਾਂ’ ਪੜ੍ਹਿਆ। ਲੇਖਕ ਨੇ ਜਿੱਥੇ ਵੱਖ ਵੱਖ ਮਾਡਲਾਂ ਦਾ ਬਾਖ਼ੂਬੀ ਵਰਨਣ ਕੀਤਾ, ਉੱਥੇ ਗ਼ਰੀਬ ਤੇ ਦਲਿਤ ਕਿਸਾਨਾਂ ਨੂੰ ਜ਼ਮੀਨ ਦੇਣ ਬਾਰੇ ਅਤੇ ਭੁੱਖ ਤੋਂ ਮੁਕਤੀ ਦਿਵਾਉਣ ਦਾ ਜੋ ਤਜਰਬਾ ਸਾਂਝਾ ਕੀਤਾ, ਉਹ ਕਾਬਿਲੇ-ਤਾਰੀਫ਼ ਹੈ। ਇਸ ਪਿੰਡ ਵਿਚ ਗ਼ਰੀਬ ਦਲਿਤਾਂ ਨੂੰ ਇਸ ਤਰ੍ਹਾਂ ਜ਼ਮੀਨ ਦੇਣ ਦੇ ਤਜਰਬੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਬਾਕੀ ਪਿੰਡਾਂ ਵਿਚ ਵੀ ਜੇ ਅਜਿਹੇ ਤਜਰਬੇ ਕੀਤੇ ਜਾਣ ਤਾਂ ਅਸੀਂ ਬਹੁਤ ਸਾਰੇ ਗ਼ਰੀਬ ਤੇ ਮਜਬੂਰ ਲੋਕਾਂ ਨੂੰ ਭੁੱਖ ਅਤੇ ਖ਼ੁਦਕੁਸ਼ੀਆਂ ਤੋਂ ਮੁਕਤੀ ਦਿਵਾ ਸਕਾਂਗੇ।
ਤਰਲੋਚਨ ਕੌਰ, ਪਟਿਆਲਾ
ਨਿਆਂਪਾਲਿਕਾ ’ਤੇ ਸਰਕਾਰ ਦਾ ਦਾਬਾ
7 ਸਤੰਬਰ ਨੂੰ ਪਰਵਾਜ਼ ਪੰਨੇ ’ਤੇ ‘ਵਾਹਗਿਓਂ ਪਾਰ’ ਵਾਲੀ ਲਿਖਤ ਵਿਚ ਪਾਕਿਸਤਾਨੀ ਹਕੂਮਤ ਅਤੇ ਕੱਟੜਪੰਥੀਆਂ ਵੱਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਦਾ ਹੈ। ਸਾਡੇ ਦੇਸ਼ ਵਿਚ ਵੀ ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਜਮਹੂਰੀਅਤ ਪਸੰਦ ਆਗੂਆਂ ਨੂੰ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਕਾਰਨ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਪਾਕਿਸਤਾਨ ਵਿਚ ਚੰਗਾ ਪੱਖ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਨਿਆਂ ਪ੍ਰਣਾਲੀ ਅਜਿਹੀਆਂ ਕਾਰਵਾਈਆਂ ਖ਼ਿਲਾਫ਼ ਸਰਕਾਰ ’ਤੇ ਸਖ਼ਤੀ ਵਰਤ ਰਹੀ ਹੈ ਜਦੋਂਕਿ ਸਾਡੀ ਨਿਆਂ ਪ੍ਰਣਾਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਕਰਦੀ ਨਜ਼ਰ ਆਉਂਦੀ ਹੈ ਜਿਸ ਕਾਰਨ ਅਜੇ ਤਕ ਅਸਹਿਮਤੀ ਦੀਆਂ ਆਵਾਜ਼ਾਂ ਉਠਾਉਣ ਵਾਲਿਆਂ ਨੂੰ ਨਿਆਂ ਮਿਲਣ ਦੀ ਕੋਈ ਆਸ ਨਹੀਂ ਬੱਝ ਰਹੀ।
ਹਰਨੰਦ ਸਿੰਘ ਬੱਲਿਆਂਵਾਲਾ (ਤਰਨ ਤਾਰਨ)
ਬੇਰੁਜ਼ਗਾਰੀ ਭੱਤੇ ਦੀ ਅਸਲੀਅਤ
4 ਸਤੰਬਰ ਨੂੰ ਪਹਿਲੇ ਪੰਨੇ ’ਤੇ ਚਰਨਜੀਤ ਭੁੱਲਰ ਦੀ ਬੇਰੁਜ਼ਗਾਰੀ ਭੱਤੇ ਬਾਰੇ ਰਿਪੋਰਟ ਹਕੀਕਤ ਜੱਗ ਜ਼ਾਹਿਰ ਕਰਦੀ ਹੈ। ਲਿਖਿਆ ਗਿਆ ਹੈ ਕਿ ਸੂਬੇ ਵਿਚ ਅੱਜ ਦੀ ਘੜੀ ਕੋਈ ਬੇਰੁਜ਼ਗਾਰ ਨਹੀਂ; ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਅੰਦਰ ਲੱਖਾਂ ਦੀ ਗਿਣਤੀ ਵਿਚ ਬੇਰੁਜ਼ਗਾਰਾਂ ਦੀ ਫ਼ੌਜ ਹੈ। ਰਿਪੋਰਟ ਮੁਤਾਬਿਕ ਪੰਜਾਬ ਵਿਚ ਸਿਰਫ਼ ਇਕ ਨੌਜਵਾਨ ਨੂੰ ਹੀ ਭੱਤਾ ਮਿਲਦਾ ਸੀ, ਉਹ ਵੀ 150 ਰੁਪਏ; ਕਿੰਨੀ ਸ਼ਰਮਨਾਕ ਗੱਲ ਹੈ। ਕੀ ਇਹ ਬੇਰੁਜ਼ਗਾਰਾਂ ਦਾ ਸ਼ੋਸ਼ਣ ਨਹੀਂ?
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
ਵਿੱਦਿਆ ਦਾ ਵਪਾਰੀਕਰਨ
3 ਸਤੰਬਰ ਦੇ ਜਵਾਂ ਤਰੰਗ ਪੰਨੇ ਉੱਤੇ ‘ਗੁਰੂ ਸ਼ਿਸ਼ ਪਰੰਪਰਾ ਦਾ ਬਦਲਦਾ ਸਰੂਪ’ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਕਿ ਵਰਤਮਾਨ ਸਮੇਂ ਵਿਚ ਵਿੱਦਿਆ ਦਾ ਵਪਾਰੀਕਰਨ ਨਾ ਤਾਂ ਕਲਿਆਣਕਾਰੀ ਹੋ ਸਕਦਾ ਹੈ ਅਤੇ ਨਾ ਹੀ ਸਰਵਪੱਖੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦਾ ਹੈ। ਔਨਲਾਈਨ ਸਿੱਖਿਆ ਗਿਆਨ ਵਰਧਕ ਤਾਂ ਹੋ ਸਕਦੀ ਹੈ ਪਰ ਜੀਵਨ ਦੇ ਸੰਸਕਾਰ (ਜੀਵਨ-ਪ੍ਰਬੰਧ) ਤਾਂ ਵਿਕਸਤ ਮਾਡਲ ਰੂਪੀ ਗੁਰੂ/ਅਧਿਆਪਕ ਦੀ ਸੰਗਤ ਤੋਂ ਬਿਨਾ ਸੰਭਵ ਨਹੀਂ। ਸਰਕਾਰੀ ਤੰਤਰ ਨੂੰ ਗੁਰੂ-ਸ਼ਿਸ਼ ਪਰੰਪਰਾ ਨੂੰ ਮਜ਼ਬੂਤ ਕਰਨ ਲਈ ਅਹੁਲਣਾ ਚਾਹੀਦਾ ਹੈ ਤਾਂ ਕਿ ਨਵੀਂ ਪੀੜ੍ਹੀ ਲਈ ਰਾਹ ਮੋਕਲੇ ਹੋ ਸਕਣ।
ਸੁਰਿੰਦਰ ਕੁਮਾਰ ਮਿੱਢਾ, ਜਲੰਧਰ
ਅੱਜ ਦਾ ਵਿਚਾਰ
3 ਸਤੰਬਰ ਦਾ ‘ਅੱਜ ਦਾ ਵਿਚਾਰ’ (ਜਮਹੂਰੀਅਤ ਨੂੰ ਹਰ ਹਾਲ ਤਰਜੀਹ ਮਿਲਣੀ ਚਾਹੀਦੀ ਹੈ। -ਵੁਡਰੋ ਵਿਲਸਨ) ਲਾਜਵਾਬ ਹੈ। ਇਸ ਦੇ ਹੇਠਾਂ ਸੰਪਾਦਕੀ ‘ਜਮਹੂਰੀਅਤ ਦੀ ਅਵੱਗਿਆ’ ਸੰਸਦੀ ਇਜਲਾਸ ਬਾਰੇ ਹੈ। ਨਜ਼ਰੀਆ ਸਫੇ ਉੱਤੇ ਹੀ ਡਾæ ਚਰਨਜੀਤ ਸਿੰਘ ਨਾਭਾ ਦਾ ਲੇਖ ‘ਵਾਤਾਵਰਨ ਨੋਟੀਫਿਕੇਸ਼ਨ ਅਤੇ ਰਾਜ ਸਰਕਾਰਾਂ ਦੇ ਹੱਕ’ ਕੇਂਦਰ ਸਰਕਾਰ ਵੱਲੋਂ ਕੇਂਦਰੀਕਰਨ ਦੀਆਂ ਨੀਤੀਆਂ ਰਾਹੀਂ ਫੈਡਰਲ ਢਾਂਚੇ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਗੱਲ ਕਰਦਾ ਹੈ।
ਮਨਮੋਹਨ ਸੋਢੀ, ਧੂਰੀ
ਨਜ਼ਰੀਆ ਨਿਰਪੱਖ ਨਹੀਂ
3 ਸਤੰਬਰ ਦੇ ਨਜ਼ਰੀਆ ਪੰਨੇ ‘ਤੇ ਛਪਿਆ ਮਿਡਲ ‘ਸਿੱਖ ਭਾਈਚਾਰੇ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ’ ਨਿਰਪੱਖ ਨਜ਼ਰੀਏ ਤੋਂ ਨਹੀਂ ਲਿਖਿਆ ਗਿਆ। ਲੇਖਕ ਡਾ. ਸ ਪ ਸਿੰਘ ਖ਼ੁਦ ਵਿਦਵਾਨ ਸ਼ਖਸੀਅਤ ਹਨ ਪਰ ਉਨ੍ਹਾਂ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਮਸਲੇ ਨੂੰ ਸ਼ੀਆ ਸੁੰਨੀ ਟਕਰਾਅ ਨਾਲ ਜੋੜ ਦਿੱਤਾ ਹੈ। ਸਵਾਲ ਹੈ ਕਿ ਜਿਸ ਸਿੱਖ ਪੰਥ ਦੀਆਂ ਪਹਿਲਾਂ ਹੀ 10-15 ਟਕਸਾਲਾਂ, ਸੰਪ੍ਰਦਾਵਾਂ ਅਤੇ ਜਥੇ ਅਕਾਲ ਤਖ਼ਤ ਦੀ ਮਰਯਾਦਾ ਦਾ ਵਿਰੋਧ ਕਰ ਕੇ ਆਪੋ-ਆਪਣੀ ਮਰਯਾਦਾ ਬਣਾ ਕੇ ਪੰਥ ਦਾ ਅੰਗ ਹਨ ਤਾਂ ਢੱਡਰੀਆਂਵਾਲੇ ਦੇ ਮਸਲੇ ਤੇ ਬਿਨਾ ਸੋਚੇ-ਸਮਝੇ ਸ਼ੀਆ ਸੁੰਨੀਆ ਦਾ ਮਸਲਾ ਬਣਾਉਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ? ਉਹ ਤਾਂ ਸਗੋਂ ਅਕਾਲ ਤਖ਼ਤ ਦੀ ਮਰਯਾਦਾ ਅਨੁਸਾਰ ਅੰਮ੍ਰਿਤ ਸੰਚਾਰ ਅਤੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ।
ਮਹਿੰਦਰ ਸਿੰਘ ਸੋਹੀ, ਈ-ਮੇਲ