ਪੱਤਰ ਪ੍ਰੇਰਕ
ਰਾਏਕੋਟ, 24 ਅਗਸਤ
ਸੀਟੂ ਨਾਲ ਸਬੰਧਤ ਯੂਨੀਅਨਾਂ ਵਲੋਂ ਕਾ. ਪ੍ਰਕਾਸ਼ ਸਿੰਘ ਬਰਮੀ ਦੀ ਪ੍ਰਧਾਨਗੀ ਹੇਠ ਸਾਂਝੀ ਮੀਟਿੰਗ ਕਰਕੇ ਲੁਧਿਆਣਾ-ਬਠਿੰਡਾ ਮਾਰਗ ’ਤੇ ਕੇਂਦਰ ਸਰਕਾਰ ਵਲੋਂ ਸਰਕਾਰੀ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜਨਰਲ ਕੌਂਸਲ ਮੈਂਬਰ ਕੁੱਲ ਹਿੰਦ ਸੀਟੂ ਕਾ. ਜਤਿੰਦਰਪਾਲ ਸਿੰਘ ਅਤੇ ਸੀਟੂ ਦੇ ਸੂਬਾਈ ਸਕੱਤਰ ਕਾ. ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਰੋਨਾ ਦੀ ਆੜ ਵਿੱਚ ਦੇਸ਼ ਦੇ ਪਬਲਿਕ ਖੇਤਰ, ਰੇਲਵੇ, ਬੈਂਕਾ, ਬੀਮਾ, ਕੋਲ ਤੇ ਤੇਲ ਸੈਕਟਰ ਅਤੇ ਬਿਜਲੀ ਖੇਤਰ ਨੂੰ ਕੌਡੀਆਂ ਦੇ ਭਾਅ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ।
ਸੀਪੀਐੱਮ ਵੱਲੋਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
ਖੰਨਾ (ਪੱਤਰ ਪ੍ਰੇਰਕ): ਭਾਰਤੀ ਕਮਿਉੂਨਿਸਟ ਪਾਰਟੀ (ਮਾਰਕਸਵਾਦੀ) ਕਮੇਟੀ ਦੇ ਸੱਦੇ ‘ਤੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਮੰਗਾਂ ਸਬੰਧੀ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਬੀਰ ਸਿੰਘ ਤੇ ਭਗਵੰਤ ਸਿੰਘ ਇਕੋਲਾਹਾ ਦੀ ਅਗਵਾਈ ਹੇਠਾਂ ਪਿੰਡ ਭੁਮੱਦੀ, ਦਹੇੜੂ, ਗੰਢੂਆਂ, ਗੋਬਿੰਦਪੁਰਾ (ਨਵਾਂ ਪਿੰਡ) ਘੁਰਾਲਾ, ਕੰਮਾ, ਹੋਲ, ਈਸੜੂ ਆਦਿ ਵਿਖੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਜਾਗਰੂਕ ਕੀਤਾ ਗਿਆ। ਸ੍ਰੀ ਸੁਹਾਵੀ ਨੇ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਰਾਹੀਂ ਦੇਸ਼ ਦੀ ਖੇਤੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਗਨਰੇਗਾ ਦਾ ਵਿਸਥਾਰ ਕਰਕੇ ਵਧੀ ਹੋਈ ਉਜਰਤ ਨਾਲ ਸਾਲ ਵਿੱਚ 200 ਦਿਨਾਂ ਲਈ ਕੰਮ ਦਿੱਤਾ ਜਾਵੇ, ਸ਼ਹਿਰੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ।