ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਗਸਤ
ਸ਼ਹਿਰ ਵਿਚ ਵਧਦੇ ਜਾ ਰਹੇ ਕਰੋਨਾ ਮਰੀਜ਼ਾਂ ਕਾਰਨ ਜਿਸਤ ਟਾਂਕ ਫਾਰਮੂਲੇ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਮੰਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸ਼ਹਿਰ ਦੇ ਦੁਕਾਨਦਾਰਾਂ ਵਿਚ ਵਿਰੋਧ ਹੈ। ਅੱਜ ਹਫ਼ਤੇ ਦੇ ਪਹਿਲੇ ਦਿਨ ਹੀ ਬਾਜ਼ਾਰ ਖੁੱਲ੍ਹਦੇ ਸਾਰ ਕੁੱਝ ਮਾਰਕੀਟਾਂ ਵਿਚ ਦੁਕਾਨਦਾਰਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ’ਤੇ ਪੁਲੀਸ ਨੇ ਪੁੱਜ ਕੇ ਮਾਮਲਾ ਸ਼ਾਂਤ ਕਰਵਾਇਆ। ਦਰਅਸਲ, ਸ਼ਨਿੱਚਰਵਾਰ ਨੂੰ ਹੀ ਚੌੜਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਸਨ ਕਿ ਉਹ ਸੋਮਵਾਰ ਤੋਂ ਸਾਰੀਆਂ ਦੁਕਾਨਾਂ ਖੋਲ੍ਹਣਗੇ ਤੇ ਜਿਸਤ ਟਾਂਕ ਫਾਰਮੂਲਾ ਉਨ੍ਹਾਂ ਨੂੰ ਮੰਨਜ਼ੂਰ ਨਹੀਂ ਹੈ। ਇਸ ਨੂੰ ਲੈ ਕੇ ਅੱਜ ਚੌੜਾ ਬਾਜ਼ਾਰ ਵਿਚ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਹੀ ਪੁਲੀਸ ਵਾਲੇ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਜਿਹੜੀਆਂ ਦੁਕਾਨਾਂ ਜਿਸਤ ਟਾਂਕ ਦੇ ਤਹਿਤ ਨਹੀਂ ਖੋਲ੍ਹੀਆਂ ਸਨ, ਉਨ੍ਹਾਂ ਨੂੰ ਜਿਸਤ ਟਾਂਕ ਤਹਿਤ ਖੁੱਲ੍ਹਵਾਇਆ ਤੇ ਬੰਦ ਕਰਵਾਇਆ। ਕਿਤਾਬ ਬਾਜ਼ਾਰ ਮਾਰਕੀਟ ਵਿਚ ਵੀ ਸਾਰੇ ਹੀ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਲਈਆਂ ਸਨ, ਇੱਥੇ ਵੀ ਦੁਕਾਨਦਾਰਾਂ ਨੇ ਪੁਲੀਸ ਤੇ ਪ੍ਰਸ਼ਾਸਨ ਦਾ ਵਿਰੋਧ ਵੀ ਕੀਤਾ। ਇਸ ਤੋਂ ਬਾਅਦ ਘੁਮਾਰ ਮੰਡੀ ਮਾਰਕੀਟ ਵਿਚ ਵੀ ਦੁਕਾਨਦਾਰਾਂ ਨੇ ਵਿਰੋਧ ਕੀਤਾ ਕਿ ਉਹ ਜਿਸਤ ਟਾਂਕ ਫਾਰਮੂਲੇ ਨੂੰ ਨਹੀਂ ਮੰਨਣਗੇ, ਉਨ੍ਹਾਂ ਨੇ ਸਾਰੀਆਂ ਹੀ ਦੁਕਾਨਾਂ ਖੋਲ੍ਹ ਦਿੱਤੀਆਂ, ਮੌਕੇ ’ਤੇ ਪੁੱਜੀ ਪੁਲੀਸ ਨੇ ਦੁਕਾਨਦਾਰਾਂ ਨੂੰ ਕਾਫ਼ੀ ਸਮਝਾਇਆ, ਪਰ ਦੁਕਾਨਾਦਾਰਾਂ ਪੁਲੀਸ ਦੀ ਇੱਕ ਨਾ ਮੰਨੀ। ਦੁਕਾਨਾਦਾਰਾਂ ਨੇ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਪਹਿਲਾਂ ਹੀ ਕਰੋਨਾ ਕਾਰਨ ਮੰਦਾ ਹੈ, ਉਪਰੋਂ ਮਹੀਨੇ ਵਿਚ ਜੇ 11 ਦਿਨ ਦੁਕਾਨ ਖੋਲ੍ਹਣਗੇ ਤਾਂ ਉਹ ਖ਼ਰਚੇ ਕਿੱਥੋਂ ਕੱਢਣਗੇ। ਘੁਮਾਰ ਮੰਡੀ ਮਾਰਕੀਟ ਦੇ ਪ੍ਰਧਾਨ ਪਵਨ ਬੱਤਰਾ ਦੀ ਪੁਲੀਸ ਨਾਲ ਤਿੱਖੀ ਬਹਿਸ ਵੀ ਹੋਈ। ਦੁਕਾਨਦਾਰਾਂ ਦਾ ਪੱਖ ਰੱਖਦੇ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਧੀਆ ਤਰੀਕੇ ਦੇ ਨਾਲ ਹੁਣ ਤੱਕ ਕੰਮ ਚਲਾਉਂਦੇ ਆ ਰਹੇ ਹਨ, ਸਮਾਜਿਕ ਦੂਰੀ ਤੇ ਸੈਨੀਟਾਈਜੇਸ਼ਨ ਦਾ ਧਿਆਨ ਰੱਖਿਆ ਜਾ ਰਿਹਾ ਹੈ, ਪਰ ਹੁਣ ਦੁਕਾਨਦਾਰ ਜਿਸਤ ਟਾਂਕ ਤਹਿਤ ਦੁਕਾਨਾਂ ਨਹੀਂ ਖੋਲ੍ਹਣਗੇ। ਦੱਸ ਦਈਏ ਕਿ ਘੁਮਾਰ ਮੰਡੀ ਵਿਚ ਜਿਸਤ ਟਾਂਕ ਫਾਰਮੂਲਾ ਲਾਗੂ ਹੋਣ ਤੋਂ ਬਾਅਦ ਇਹ ਮਾਰਕੀਟ ਇੱਕ ਦਿਨ ਖੱਬੇ ਤੇ ਇੱਕ ਦਿਨ ਸੱਜੇ ਪਾਸੇ ਖੁੱਲ੍ਹ ਰਹੀ ਸੀ।