ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਅਗਸਤ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦਾਦਾ ਦੇਵ ਜ਼ੱਚਾ ਤੇ ਬੱਚਿਆਂ ਦੇ ਹਸਪਤਾਲ ਵਿੱਚ ਮੋਬਾਈਲ ਐਪ ਤੇ ਵੈੱਬ ਆਧਾਰਿਤ ਆਨਲਾਈਨ ਓਪੀਡੀ ਰਜਿਸਟ੍ਰੇਸ਼ਨ ਤੇ ਮੁਲਾਕਾਤ ਪ੍ਰਣਾਲੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਐਪ ਦੀ ਮਦਦ ਨਾਲ ਹੁਣ ਲੋਕ, ਖ਼ਾਸਕਰ ਗਰਭਵਤੀ ਔਰਤਾਂ ਘਰ ਤੋਂ ਹੀ ਓਪੀਡੀ ਲਈ ਰਜਿਸਟ੍ਰੇਸ਼ਨ ਤੇ ਮੁਲਾਕਾਤ ਦਾ ਸਮਾਂ ਪ੍ਰਾਪਤ ਕਰ ਸਕਣਗੀਆਂ ਅਤੇ ਹੁਣ ਉਨ੍ਹਾਂ ਨੂੰ ਲਾਈਨ ’ਚ ਖੜ੍ਹਨਾ ਨਹੀਂ ਪਵੇਗਾ। ਐਪ ’ਚ ਬਹੁਤ ਵਧੀਆ ਵਿਸ਼ੇਸ਼ਤਾਵਾਂ ਹਨ ਤੇ ਇਸ ਕਿਸਮ ਦੀ ਐਪ ਨੂੰ ਦੂਜੇ ਹਸਪਤਾਲਾਂ ਨੂੰ ਵੀ ਅਪਣਾਉਣਾ ਚਾਹੀਦੀ ਹੈ। ਦਾਦਾ ਦੇਵ ਹਸਪਤਾਲ 106 ਬੈੱਡਾਂ ਦਾ ਹਸਪਤਾਲ ਹੈ, ਜਿਸ ਦਾ ਵਿਸਥਾਰ ਕਰਕੇ 281 ਬੈੱਡਾਂ ਦਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਬੰਧਨ ਜਾਣਕਾਰੀ ਪ੍ਰਣਾਲੀ ਤਹਿਤ ਦਿੱਲੀ ਦੇ ਸਾਰੇ ਹਸਪਤਾਲਾਂ ਨੂੰ ਆਪਸ ’ਚ ਜੋੜਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਿਹਤ ਮੰਤਰੀ ਸਤਿੰਦਰ ਜੈਨ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ਤੇ ਪ੍ਰੋਗਰਾਮ ਦਾ ਸੰਚਾਲਨ ਹਸਪਤਾਲ ਦੇ ਡਾ. ਬ੍ਰਿਜੇਸ਼ ਨੇ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜ਼ੱਚਾ ਅਤੇ ਬੱਚਿਆਂ ਦੀ ਦੇਖਭਾਲ ਲਈ ਦਾਦਾ ਦੇਵ ਹਸਪਤਾਲ ਦਿੱਲੀ ਦਾ ਸਭ ਤੋਂ ਵੱਡਾ ਹਸਪਤਾਲ ਹੈ। ਇੱਥੇ ਹਰ ਸਾਲ 10,000 ਡਲਿਵਰੀਆਂ ਹੁੰਦੀਆਂ ਹਨ। ਇਸ ਵੇਲੇ ਇਹ ਹਸਪਤਾਲ ਸਿਰਫ਼ 106 ਬਿਸਤਰਿਆਂ ਦਾ ਹੈ ਤੇ 281 ਬਿਸਤਰੇ ਬਣਾਏ ਜਾਣਗੇ। ਇਸ ਦਾ ਉਦਘਾਟਨ ਇਸ ਸਾਲ ਜਨਵਰੀ ਵਿੱਚ ਕੀਤਾ ਗਿਆ ਸੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਡਾ. ਬ੍ਰਿਜੇਸ਼ ਮੁਤਾਬਿਕ ਗਰਭਵਤੀ ਔਰਤਾਂ ਨੂੰ ਸਵੇਰੇ ਆਉਣਾ ਪੈਂਦਾ ਹੈ ਤੇ ਪਹਿਲਾਂ ਲਾਈਨ ਵਿਚ ਖੜ੍ਹੇ ਹੋ ਕੇ ਕਰਵਾਉਣਾ ਪੈਂਦਾ ਹੈ ਫਿਰ ਉਨ੍ਹਾਂ ਨੂੰ ਡਾਕਟਰ ਦੇ ਕਮਰੇ ਦੇ ਬਾਹਰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਹਸਪਤਾਲ ਵਿੱਚ ਬਹੁਤ ਹੀ ਭੀੜ ਲੱਗੀ ਰਹਿੰਦੀ ਹੈ ਤੇ ਸਮਾਜਿਕ ਦੂਰੀਆਂ ਦੀ ਪਾਲਣਾ ਵੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਇਸ ਐਪ ਰਾਹੀਂ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਉਹ ਐਪ ਰਾਹੀਂ ਘਰ ਬੈਠ ਕੇ ਆਪਣੀ ਮੁਲਾਕਾਤ ਕਰ ਸਕਦੇ ਹਨ। ਜੇ ਉਸਦੀ ਮੁਲਾਕਾਤ 11 ਵਜੇ ਹੈ, ਤਾਂ ਹੁਣ ਉਸ ਨੂੰ 10.30 ਵਜੇ ਹਸਪਤਾਲ ਆਉਣਾ ਪਏਗਾ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਹਸਪਤਾਲ ਪ੍ਰਬੰਧਨ ਜਾਣਕਾਰੀ ਪ੍ਰਣਾਲੀ ਪ੍ਰੋਗਰਾਮ ਤਹਿਤ ਦਿੱਲੀ ਭਰ ਦੇ ਸਾਰੇ ਹਸਪਤਾਲਾਂ ਨੂੰ ਜੋੜ ਰਹੀ ਹੈ। ਮੁਹੱਲਾ ਕਲੀਨਿਕ, ਪੌਲੀਕਲੀਨਿਕ, ਸਾਰੇ ਹਸਪਤਾਲ, ਮਲਟੀ ਸਪੈਸ਼ਲਿਟੀ ਹਸਪਤਾਲ, ਸੁਪਰ ਸਪੈਸ਼ਲਿਟੀ ਹਸਪਤਾਲ ਸ਼ਾਮਲ ਹੋਣਗੇ। ਓਪੀਡੀ ਰਜਿਸਟ੍ਰੇਸ਼ਨ ‘ਦਾਦਾ ਦੇਵ ਚਿਕਿਤਸਾਲਿਆ ਐਪ’ ਨੂੰ ਗੂਗਲ ਪਲੇ ਸਟੋਰ ਤੋਂ ਮੋਬਾਈਲ ਵਿਚ ਸਥਾਪਤ ਕਰਨਾ ਹੋਵੇਗਾ।