ਵੈਲਿੰਗਟਨ, 24 ਅਗਸਤ
ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ 51 ਜਣਿਆਂ ਦੀ ਹੱਤਿਆ ਕਰਨ ਵਾਲੇ ਗੋਰੇ ਕੱਟੜਵਾਦੀ ਬੰਦੂਕਧਾਰੀ ਦਾ ਮੰਤਵ ਵਾਰਦਾਤ ਤੋਂ ਬਾਅਦ ਮਸਜਿਦਾਂ ਨੂੰ ਸਾੜਨ ਦਾ ਸੀ। ਇਸ ਬਾਰੇ ਅੱਜ ਅਦਾਲਤ ਨੂੰ ਜਾਣੂ ਕਰਵਾਇਆ ਗਿਆ ਹੈ। ਮਾਰਚ 2019 ਵਿਚ ਹੋਏ ਹਮਲੇ ਬਾਰੇ ਕ੍ਰਾਈਸਟਚਰਚ ਹਾਈ ਕੋਰਟ ਨੂੰ ਜਾਣਕਾਰੀ ਸਜ਼ਾ ਬਾਰੇ ਹੋ ਰਹੀ ਸੁਣਵਾਈ ਦੌਰਾਨ ਜਾਂਚਕਰਤਾਵਾਂ ਨੇ ਦਿੱਤੀ। ਜਾਂਚਕਰਤਾਵਾਂ ਨੇ ਦੱਸਿਆ ਕਿ ਹਮਲੇ ਵੇਲੇ ਉਹ ਨਾਲ ਚਾਰ ਗੈਸ ਕੰਟੇਨਰ ਲਿਆਇਆ ਸੀ। ਉਸ ਨੇ ਖ਼ੁਦ ਪੁਲੀਸ ਕੋਲ ਕਬੂਲਿਆ ਹੈ ਕਿ ਉਹ ਮਸਜਿਦਾਂ ਨੂੰ ਅੱਗ ਲਾਉਣਾ ਚਾਹੁੰਦਾ ਸੀ। ਅਲ ਨੂਰ ਮਸਜਿਦ ਵਿਚ ਜਾਨ ਗੁਆਉਣ ਵਾਲੇ ਨਈਮ ਰਾਸ਼ਿਦ ਦੀ ਬਹਾਦਰੀ ਦਾ ਵਿਸ਼ੇਸ਼ ਤੌਰ ’ਤੇ ਅਦਾਲਤ ਵਿਚ ਜ਼ਿਕਰ ਕੀਤਾ ਗਿਆ। ਮੁਲਜ਼ਮ ਨੂੰ ਸਜ਼ਾ ਸੁਣਾਉਣ ਲਈ ਚਾਰ ਦਿਨ ਹੋਣ ਵਾਲੀ ਸੁਣਵਾਈ ਦਾ ਅੱਜ ਪਹਿਲਾ ਦਿਨ ਸੀ। ਸੁਣਵਾਈ ਦੌਰਾਨ ਅੱਜ ਕੁਝ ਪੀੜਤ ਪਰਿਵਾਰ ਤੇ ਹਮਲੇ ਵਿਚ ਬਚਣ ਵਾਲੇ ਪਹਿਲੀ ਵਾਰ ਬੰਦੂਕਧਾਰੀ ਦੇ ਆਹਮੋ-ਸਾਹਮਣੇ ਹੋਏ। ਮੇਅਸੂਨ ਸਲਮਾ ਨਾਂ ਦੀ ਪੀੜਤਾ ਨੇ ਉਸ ਦਾ ਸਾਹਮਣਾ ਕਰਦਿਆਂ ਕਿਹਾ ‘ਤੂੰ ਆਪਣੀ ਮਨੁੱਖਤਾ ਦਾ ਹੀ ਕਤਲ ਕਰ ਦਿੱਤਾ, ਮੈਨੂੰ ਨਹੀਂ ਲੱਗਦਾ ਕਿ ਸੰਸਾਰ ਤੈਨੂੰ ਕਦੇ ਇਸ ਖ਼ਤਰਨਾਕ ਅਪਰਾਧ ਲਈ ਮੁਆਫ਼ ਕਰੇਗਾ।’ ਸਲਮਾ ਦੇ 33 ਸਾਲਾ ਬੇਟੇ ਦੀ ਇਸ ਹਮਲੇ ਵਿਚ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ 29 ਸਾਲਾ ਆਸਟਰੇਲਿਆਈ ਬੰਦੂਕਧਾਰੀ ਬਰੈਂਟਨ ਹੈਰੀਸਨ ਟਾਰੈਂਟ ਨੇ ਮਾਰਚ ਵਿਚ ਜੁਰਮ ਕਬੂਲ ਲਏ ਸਨ। ਉਸ ’ਤੇ ਹੱਤਿਆ ਤੇ ਅਤਿਵਾਦ ਦੇ ਦੋਸ਼ ਹਨ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਦਹਿਸ਼ਤਗਰਦੀ ਲਈ ਇਹ ਪਹਿਲੀ ਸਜ਼ਾ ਹੋਵੇਗੀ। ਉਸ ਨੂੰ ਉਮਰ ਕੈਦ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ ਜਿਸ ਵਿਚ ਪੈਰੋਲ ਨਹੀਂ ਹੋਵੇਗੀ। ਟਾਰੈਂਟ ਨੇ ਸੁਣਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਜ਼ਬਾਤ ਨਹੀਂ ਪ੍ਰਗਟਾਏ, ਉਹ ਬਸ ਕਮਰੇ ਅਤੇ ਮੌਜੂਦ ਲੋਕਾਂ ਨੂੰ ਹੀ ਦੇਖਦਾ ਰਿਹਾ।
-ਏਪੀ