ਮਨੀਲਾ, 24 ਅਗਸਤ
ਫਿਲਪੀਨਜ਼ ਦੇ ਦੱਖਣੀ ਇਲਾਕੇ ’ਚ ਅੱਜ ਸ਼ੱਕੀ ਦਹਿਸ਼ਤਗਰਦਾਂ ਵੱਲੋਂ ਕੀਤੇ ਦੋ ਬੰਬ ਧਮਾਕਿਆਂ ’ਚ ਘੱਟੋ-ਘੱਟ 14 ਫ਼ੌਜੀ ਅਤੇ ਨਾਗਰਿਕ ਮਾਰੇ ਗਏ ਤੇ 75 ਜਣੇ ਜ਼ਖ਼ਮੀ ਹੋ ਗਏ। ਇਸਲਾਮਿਕ ਸਟੇਟ ਦੇ ਸਹਿਯੋਗੀ ਵਿਦਰੋਹੀ ਗੁੱਟ ਵੱਲੋਂ ਆਤਮਘਾਤੀ ਹਮਲੇ ਦੇ ਧਮਕੀ ਦੇ ਮੱਦੇਨਜ਼ਰ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਦਹਿਸ਼ਤਗਰਦਾਂ ਵੱਲੋਂ ਇਹ ਧਮਾਕੇ ਕੀਤੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕਿਆਂ ਵਿੱਚ ਘੱਟੋ-ਘੱਟ 75 ਜਣੇ, ਜਿਨ੍ਹਾਂ ਵਿੱਚ ਫ਼ੌਜੀ, ਪੁਲੀਸ ਅਤੇ ਨਾਗਰਿਕ ਸ਼ਾਮਲ ਹਨ, ਜ਼ਖ਼ਮੀ ਹੋਏ ਹਨ।
ਰਿਜਨਲ ਮਿਲਟਰੀ ਕਮਾਂਡਰ ਲੈਫ਼ਟੀਨੈਂਟ ਜਨਰਲ ਕੋਰਲੈਟੋ ਵਿਨਲੂਅਨ ਨੇ ਦੱਸਿਆ ਕਿ ਅੱਜ ਦੁਪਹਿਰ ਸੁਲੂ ਸੂਬੇ ਦੇ ਜੋਲੋ ਕਸਬੇ ਵਿੱਚ ਫ਼ੌਜ ਦੇ ਟਰੱਕਾਂ ਲਾਗੇ ਖੜ੍ਹੇ ਇੱਕ ਮੋਟਰਸਾਈਕਲ ’ਚ ਹੋਏ ਪਹਿਲੇ ਬੰਬ ਧਮਾਕੇ ’ਚ 5 ਫ਼ੌਜੀ ਅਤੇ 4 ਆਮ ਨਾਗਰਿਕ ਮਾਰੇ ਗਏ।
ਫ਼ੌਜ ਦੀ ਰਿਪੋਰਟ ਮੁਤਾਬਕ ਦੂਜਾ ਧਮਾਕਾ ਇੱਕ ਆਤਮਘਾਤੀ ਔਰਤ ਵੱਲੋਂ ਇੱਕ ਘੰਟਾ ਬਾਅਦ ਕੀਤਾ ਗਿਆ ਜਿਸ ਵਿੱਚ ਮਨੁੱਖੀ ਬੰਬ ਔਰਤ ਤੇ ਇੱਕ ਫ਼ੌਜੀ ਦੀ ਮੌਤ ਹੋਈ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਰੋਮਨ ਕੈਥੋਲਿਕ ਚਰਚ ਦੀ ਨਿਗਰਾਨੀ ਕਰ ਸੁਰੱਖਿਆ ਜਵਾਨਾਂ ਦੇ ਨੇੜੇ ਕੀਤਾ ਗਿਆ। ਇਸੇ ਦੌਰਾਨ ਤੀਜਾ ਬੰਬ ਇੱਕ ਜਨਤਕ ਮਾਰਕੀਟ ਵਿੱਚੋਂ ਮਿਲਿਆ।
ਉੱਧਰ ਅਜੇ ਤੱਕ ਕਿਸੇ ਨੇ ਵੀ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਫ਼ੌਜ ਨੇ ਅਬੂ ਸਯਾਫ ਦੇ ਇੱਕ ਅਤਿਵਾਦੀ ਕਮਾਂਡਰ ਮੁੰਡੀ ਸਵਾਦਜਾਨ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ।
-ਏਪੀ