ਮੁੰਬਈ, 7 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੋਵਿਡ-19 ਕਾਰਨ ਪ੍ਰਭਾਵਿਤ 26 ਵਰਗਾਂ ਦੇ ਅਸਾਸਿਆਂ ਸਬੰਧੀ ਪੰਜ ਵਿੱਤੀ ਅਨੁਪਾਤਾਂ ਅਤੇ ਵਰਗਾਂ-ਆਧਾਰਿਤ ਪਹਿਲਕਦਮੀਆਂ ਐਲਾਨੀਆਂ ਹਨ।
ਰਿਜ਼ਰਵ ਬੈਂਕ ਵਲੋਂ 7 ਅਗਸਤ ਨੂੰ ਸੀਨੀਅਰ ਬੈਂਕਰ ਕੇ.ਵੀ. ਕਾਮਥ ਦੀ ਅਗਵਾਈ ਹੇਠ ਪੈਨਲ ਗਠਿਤ ਕੀਤਾ ਗਿਆ ਸੀ, ਜਿਸ ਵਲੋਂ ਕੋਵਿਡ-19 ਕਾਰਨ ਪ੍ਰਭਾਵਿਤ ਢਾਂਚਿਆਂ ਸਬੰਧੀ ਵਿੱਤੀ ਮਾਪਦੰਡਾਂ ਬਾਰੇ ਸਿਫਾਰਸ਼ਾਂ ਕੀਤੀਆਂ ਜਾਣੀਆਂ ਸਨ। ਇਸ ਕਮੇਟੀ ਵਲੋਂ 4 ਸਤੰਬਰ ਨੂੰ ਆਪਣੀ ਰਿਪੋਰਟ ਸੌਂਪੀ ਗਈ। ਰਿਜ਼ਰਵ ਬੈਂਕ ਵਲੋਂ ਜਾਰੀ ਸਰਕੂਲਰ ਕੇ.ਵੀ. ਕਾਮਥ ਕਮੇਟੀ ਦੀਆਂ ਪ੍ਰਭਾਵਿਤ ਅਸਾਸਿਆਂ ਬਾਰੇ ਸਿਫਾਰਸ਼ਾਂ ’ਤੇ ਆਧਾਰਿਤ ਹੈ। ਕੇਂਦਰੀ ਬੈਂਕ ਨੇ ਬਿਆਨ ਰਾਹੀਂ ਕਿਹਾ, ‘‘ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਮੋਟੇ ਤੌਰ ’ਤੇ ਰਿਜ਼ਰਵ ਬੈਂਕ ਵਲੋਂ ਮੰਨ ਲਿਆ ਗਿਆ ਹੈ।’’ ਆਰਬੀਆਈ ਨੇ ਕਿਹਾ ਕਿ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਮੌਕੇ ਦੇਣਦਾਰ ਪੰਜ ਵਿਸ਼ੇਸ਼ ਵਿੱਤੀ ਅਨੁਪਾਤਾਂ ਅਤੇ 26 ਵਰਗਾਂ ਸਬੰਧੀ ਹਰੇਕ ਅਨੁਪਾਤ ਲਈ ਵਰਗ ਆਧਾਰਿਤ ਪਹਿਲਕਦਮੀਆਂ ਨੂੰ ਧਿਆਨ ਵਿੱਚ ਰੱਖਣ।
-ਪੀਟੀਆਈ
ਐੱਸਬੀਆਈ ਵਲੋਂ ਸੰਜੇ ਸਿੰਗਲ ਨੂੰ 12 ਹਜ਼ਾਰ ਕਰੋੜ ਦੀ ਵਸੂਲੀ ਦਾ ਨੋਟਿਸ
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐੱਸਬੀਆਈ) ਵਲੋਂ ਭਾਰਤ ਪਾਵਰ ਐਂਡ ਸਟੀਲ ਲਿਮਿਟਡ (ਬੀਪੀਐੱਸਐੱਲ) ਦੇ ਸਾਬਕਾ ਪ੍ਰਮੋਟਰ ਸੰਜੇ ਸਿੰਗਲ ਦੀਆਂ ਨਿੱਜੀ ਗਾਰੰਟੀਆਂ ਜ਼ਬਤ ਕੀਤੀਆਂ ਗਈਆਂ ਹਨ, ਅਤੇ ਉਸ ਨੂੰ 12,275.91 ਕਰੋੜ ਰੁਪਏ ਦੀ ਵਸੂਲੀ ਦਾ ਡਿਮਾਂਡ ਨੋਟਿਸ ਭੇਜਿਆ ਗਿਆ ਹੈ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਦੀਵਾਲੀਆ ਹੋਈ ਕੰਪਨੀ ਬਾਰੇ ਫ਼ੈਸਲੇ ਦੀ ਪ੍ਰਕਿਰਿਆ ਲਟਕੀ ਹੋਈ ਹੈ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।
-ਆਈਏਐੱਨਅੇੱਸ