ਮਹਿੰਦਰ ਕੌਰ ਮੰਨੂ
ਸੰਗਰੂਰ, 9 ਅਗਸਤ
ਸੰਗਰੂਰ-ਪਟਿਆਲਾ ਬਾਈਪਾਸ ਵਾਲੇ ਬਰਸਾਤੀ ਨਾਲੇ ਦੀ ਸਫ਼ਾਈ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਚੁੱਕਣ ਬਾਅਦ ਮੁੱਖ ਮੰਤਰੀ ਦੇ ਹੁਕਮਾਂ ’ਤੇ ਪ੍ਰਸਾਸ਼ਨ ਨਾਲੇ ਦੀ ਸਫ਼ਾਈ ਸ਼ੁਰੂ ਕਰਵਾ ਦਿੱਤੀ ਹੈ। 1960 ’ਚ ਬਣੇ ਇਸ ਬਰਸਾਤੀ ਨਾਲੇ ਦੀ ਕਦੇ ਵੀ ਸਫ਼ਾਈ ਨਹੀਂ ਕੀਤੀ ਗਈ। ਮੰਗਵਾਲ ਪਿੰਡ ਦੇ ਗੇਟ ਤੋਂ ਪਟਿਆਲਾ ਬਾਈਪਾਸ ਤੱਕ ਸੜਕ ਦੇ ਨਾਲ-ਨਾਲ ਲੰਘਦਾ ਨਾਲਾ ਝਾੜੀਆਂ, ਗੰਦੇ ਪਾਣੀ ਅਤੇ ਕੂੜਾਕਰਕਟ ਨਾਲ ਭਰਨ ਕਰ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੇਸਬੁੱਕ ’ਤੇ ਲਾਈਵ ਪ੍ਰੋਗਰਾਮ ’ਚ ਸੰਗਰੂਰ ਦੇ ਕੁਲਵਿੰਦਰ ਸਿੰਘ ਬੱਗਾਂ ਵੱਲੋਂ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਸੀ। ਮੁੱਖ ਮੰਤਰੀ ਨੇ ਤੁਰੰਤ ਡੀਸੀ ਸੰਗਰੂਰ ਨੂੰ ਨਾਲੇ ਦੀ ਸਫ਼ਾਈ ਦੇ ਹੁਕਮ ਜਾਰੀ ਕੀਤੇ ਸਨ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਤੇ ਵਿਧਾਇਕਾਂ ਕੋਲ ਇਸ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ ਸੀ, ਪਰ ਕੁੱਝ ਨਹੀਂ ਬਣਿਆ।
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਰਮੀ ਦੇ ਅਧਿਕਾਰੀਆਂ ਨੂੰ ਇਸ ਨਾਲੇ ਵਿਚ ਡਿੱਗ ਰਹੇ ਸੀਵਰੇਜ਼ ਦੇ ਗੰਦੇ ਪਾਣੀ ਨੂੰ ਰੋਕਣ ਸਬੰਧੀ ਨੋਟਿਸ ਭੇਜ ਦਿੱਤਾ ਗਿਆ ਹੈ।