ਇਕਬਾਲ ਸਿੰਘ ਸ਼ਾਂਤ
ਲੰਬੀ, 24 ਅਗਸਤ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਸਥਿਤ ਨਿੱਜੀ ਰਿਹਾਇਸ਼ ’ਤੇ ਕਰੋਨਾ ਵਾਇਰਸ ਲਗਾਤਾਰ ਘੇਰਾ ਵਧਾਉਂਦਾ ਜਾ ਰਿਹਾ ਹੈ। ਅੱਜ ਫਿਰ ਇੱਥੇ ਸੀਆਈਐੱਸਐੱਫ਼ ਦੇ ਦਸ ਮੁਲਾਜ਼ਮ ਕਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਦੇ ਸੈਂਪਲ 21 ਅਗਸਤ ਨੂੰ ਲਏ ਗਏ ਸੀ। ਨਵੇਂ ਮਾਮਲਿਆਂ ਸਮੇਤ ਇੱਥੇ ਤਾਇਨਾਤ ਅਮਲੇ ਵਿਚੋਂ ਐੱਸਪੀ (ਸੁਰੱਖਿਆ) ਸਮੇਤ 17 ਜਣੇ ਕਰੋਨਾ ਦੀ ਮਾਰ ਹੇਠ ਹਨ। ਅਜੇ ਕਰੀਬ ਚਾਰ ਦਰਜਨ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸਿਹਤ ਵਿਭਾਗ ਵੱਲੋਂ ਰਿਹਾਇਸ਼ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ’ਚ ਤਬਦੀਲ ਕੀਤਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮਹਾਮਾਰੀ ਦਾ ਘੇਰਾ ਵਧਣ ਨਾਲ ਆਮ ਲੋਕ ਅਤੇ ਬਾਦਲਾਂ ਨਾਲ ਜੁੜੀਆਂ ਸਫ਼ਾਂ ਚਿੰਤਾ ਵਿੱਚ ਹਨ। ਜ਼ਿਕਰਯੋਗ ਹੈ ਕਿ ਬਾਦਲਾਂ ਦੀ ਰਿਹਾਇਸ਼ ’ਤੇ 18 ਅਗਸਤ ਨੂੰ ਸੀਆਈਐੱਸਐੱਫ਼ ਦੀ ਮਹਿਲਾ ਸਬ ਇੰਸਪੈਕਟਰ ਅਤੇ ਰਸੋਈਏ ਦੇ ਪਾਜ਼ੇਟਿਵ ਆਉਣ ਨਾਲ ਕਰੋਨਾ ਨੇ ਦਸਤਕ ਦਿੱਤੀ ਸੀ। ਸਾਬਕਾ ਮੁੱਖ ਮੰਤਰੀ ਰਿਹਾਇਸ਼ ’ਤੇ ਤਾਇਨਾਤ ਸੀਆਈਐੱਸਐੱਫ਼ ਮੁਲਾਜ਼ਮ ਦੀ ਠਹਿਰ ਪਾਵਰਕਾਮ ਬਾਦਲ ਦੇ ਰੈਸਟ ਹਾਊਸ ਵਿਖੇ ਹੈ। ਸਰਕਾਰੀ ਸੂਤਰਾਂ ਅਨੁਸਾਰ ਪਾਜ਼ੇਟਿਵ ਮਾਮਲਿਆਂ ਨੂੰ ਕੋਵਿਡ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ। ਸਿਵਲ ਹਸਪਤਾਲ ਬਾਦਲ ਦੇ ਐੱਸਐੱਮਓ ਡਾ. ਮੰਜੂ ਬਾਂਸਲ ਨੇ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਾਇਨਾਤ ਸੀਆਈਐੱਸਐੱਫ਼ ਦੇ ਦਸ ਮੁਲਾਜ਼ਮ ਕਰੋਨਾ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਪਿੰਡ ਮਹਿਣਾ ’ਚ 21 ਸਾਲਾ ਨੌਜਵਾਨ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਕਰੋਨਾ ਮਹਾਮਾਰੀ ਨੂੰ ਠੱਲਣ ਲਈ ਇੱਥੋਂ ਦੀ ਗਰਾਮ ਪੰਚਾਇਤ ਵੀ ਹੁਣ ਮੂਹਰੇ ਆ ਗਈ ਹੈ। ਪੰਚਾਇਤ ਨੇ ਸਰਪੰਚ ਜਬਰਜੰਗ ਸਿੰਘ ਦੀ ਅਗਵਾਈ ਹੇਠ ਬਾਦਲਾਂ ਦੀ ਰਿਹਾਇਸ਼ ਨੂੰ ਸੈਨੇਟਾਈਜ਼ ਕੀਤਾ। ਸਰਪੰਚ ਨੇ ਦੱਸਿਆ ਕਿ ਬਾਦਲਾਂ ਦੀ ਕੋਠੀ ਦੇ ਇਲਾਵਾ ਸੀ.ਆਈ.ਐਸ.ਐਫ਼ ਦੇ ਮੁਲਾਜ਼ਮ ਠਹਿਰ, ਪਾਵਰਕੌਮ ਰੈਸਟ ਹਾਊਸ ਨੂੰ ਵੀ ਸੈਨੇਟਾਈਜ਼ ਕੀਤਾ ਗਿਆ।