ਦਿਲਬਾਗ ਗਿੱਲ
ਅਟਾਰੀ, 2 ਅਗਸਤ
ਦੇਸ਼-ਵਿਦੇਸ਼ ਵਿੱਚ ‘ਲੇਖਕਾਂ ਦੀ ਧਰਤੀ’ ਤੇ ‘ਸਾਹਿਤਕਾਰਾਂ ਦੇ ਮੱਕੇ’ ਵਜੋਂ ਜਾਣੇ ਜਾਂਦੇ ਪੰਜਾਬੀ ਗਲਪ ਦੇ ਸ਼ਾਹ ਅਸਵਾਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਵਸਾਏ ਪਿੰਡ ਪ੍ਰੀਤ ਨਗਰ ਦੀ ਟੁੱਟੀ ਹੋਈ ਟੋਇਆਂ ਵਾਲੀ ਸੜਕ, ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਅਤੇ ਅਧੂਰੇ ਬੱਸ ਅੱੱਡੇ ਨੂੰ ਬਣਾਏ ਜਾਣ ਲਈ ਪ੍ਰੀਤ ਨਗਰ ਦੇ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੱਸ ਅੱਡਾ ਬਣਾਉਣ ਦਾ ਕੰਮ ਅਕਾਲੀ ਸਰਕਾਰ ਦੇ ਜਾਣ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆਂ ਸੀ। ਇਸ ਦਰਮਿਆਨ ਪ੍ਰੀਤ ਨਗਰ ਦੀ ਪੰਚਾਇਤ ਵੀ ਲੋਪੋਕੇ ਤੋਂ ਵੱਖ ਹੋ ਗਈ। ਨਵਾਂ ਕਾਂਗਰਸੀ ਸਰਪੰਚ ਵੀ ਸਰਬਸੰਮਤੀ ਨਾਲ ਬਣਿਆ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਬੱਸ ਅੱਡੇ ਦਾ ਕੰਮ ਅਧੂਰਾ ਹੈ, ਗੰਦੇ ਪਾਣੀ ਦੇ ਨਿਕਾਸ ਦੇ ਕਾਰਜ ਆਰੰਭਣ ’ਚ ਕੋਈ ਪ੍ਰਗਤੀ ਨਹੀਂ ਹੋਈ। ਹੋਰ ਤਾਂ ਹੋਰ ਪਿਛਲੇ ਤਕਰੀਬਨ 8-10 ਮਹੀਨੇ ਪਹਿਲਾਂ ਪ੍ਰੀਤ ਨਗਰ ਵਿਚਲੀ ਸੜਕ ’ਤੇ ਪੱਥਰ ਪਾ ਦਿੱਤੇ, ਪਰ ਲੁੱਕ ਨਹੀਂ ਪਾਈ। ਉਨ੍ਹਾਂ ਦੱਸਿਆ ਕਿ ਮੋਟੇ ਪੱਥਰ ਵੱਲੀ ਸੜਕ ’ਤੇ ਪ੍ਰੀਤ ਨਗਰ ਵਾਸੀ ਠੇਡੇ ਖਾਂਦੇ ਹਨ ਤੇ ਬੱਚੇ ਅਕਸਰ ਹੀ ਡਿੱਗ ਕੇ ਜ਼ਖ਼ਮੀ ਹੁੰਦੇ ਹਨ, ਪਰ ਕੋਈ ਸਾਰ ਨਹੀਂ ਲੈ ਰਿਹਾ।
ਵਾਰਡ ਵਾਸੀਆਂ ਵੱਲੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰਦਰਸ਼ਨ
ਪਠਾਨਕੋਟ (ਐੱਨਪੀ ਧਵਨ): ਪਠਾਨਕੋਟ ਦੇ ਵਾਰਡ ਨੰਬਰ-19 ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਸਬੰਧੀ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਸੋਨੂ, ਮੁਨਸ਼ੀ ਰਾਮ, ਅਸ਼ੋਕ, ਰਾਜੂ, ਬੇਵੀ, ਰਾਮ ਪਿਆਰੀ ਅਤੇ ਸਤਨਾਮ ਕੌਰ ਨੇ ਦੱਸਿਆ ਕਿ ਵਾਰਡ ਵਿੱਚ ਕਾਫ਼ੀ ਸਮੇਂ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦੇ ਮੌਸਮ ਵਿੱਚ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰਡ ਦੀ ਕਾਰਪੋਰੇਟ ਵੀਨਾ ਪਰਮਾਰ ਨੂੰ ਕਈ ਵਾਰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਹੈ, ਪਰ ਹੁਣ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਮੁਹੱਲਾ ਵਾਸੀ ਕਿਸੇ ਪਾਰਟੀ ਆਗੂ ਨੂੰ ਵੋਟ ਨਹੀਂ ਦੇਣਗੇ। ਇਸ ਸਬੰਧੀ ਜਦੋਂ ਕਾਰਪੋਰੇਟਰ ਵੀਨਾ ਪਰਮਾਰ ਦੇ ਪਤੀ ਰਵੀ ਪਰਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਗਲੀ ਦਾ ਵਿਕਾਸ ਜ਼ਰੂਰ ਹੋਇਆ ਹੈ, ਪਰ ਕੂਲਾਂ ਦੇ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ।