ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 2 ਅਗਸਤ
ਕਰੋਨਾ ਲਾਗ ਦੇ ਫੈਲਾਅ ਦੇ ਮੱਦੇਨਜ਼ਰ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਵਿੱਚ ਇਨਸਾਫ਼ ਲੈਣ ਆਉਣ ਵਾਲਿਆਂ ਲਈ ਪੁਲੀਸ ਨੇ ਸਮਾਂ ਤੈਅ ਕਰ ਦਿੱਤਾ ਹੈ। ਥਾਣਾ ਦੇ ਮੁੱਖ ਗੇਟ ’ਤੇ ਲੱਗੇ ਨੋਟਿਸ ਅਨੁਸਾਰ ਲੋਕ ਇਨਸਾਫ਼ ਲੈਣ ਲਈ ਸਵੇਰੇ ਦਸ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੀ ਆ ਸਕਦੇ ਹਨ।
ਥਾਣਾ ਕਰਤਾਰਪੁਰ ਅਧੀਨ ਸੱਤਰ ਤੋਂ ਵੱਧ ਪਿੰਡਾਂ ਸਮੇਤ ਸ਼ਹਿਰੀ ਇਲਾਕਾ ਆਉਂਦਾ ਹੈ। ਕੁਝ ਪਿੰਡ ਅਜਿਹੇ ਹਨ ਜਿਨ੍ਹਾਂ ਦੀ ਦੂਰੀ ਥਾਣਾ ਕਰਤਾਰਪੁਰ ਤੋਂ ਬਾਰਾਂ ਕਿਲੋਮੀਟਰ ਦੂਰ ਹੈ। ਅਜਿਹੇ ਵਿੱਚ ਨਿਸ਼ਚਿਤ ਸਮੇਂ ਅਨੁਸਾਰ ਥਾਣੇ ਵਿੱਚ ਇਨਸਾਫ਼ ਲੈਣ ਆਉਣਾ ਪਿੰਡਾਂ ਦੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ। ਇਸ ਸਬੰਧੀ ਯੂਥ ਅਕਾਲੀ ਦਲ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਜਰ ਨੇ ਡੀਜੀਪੀ ਤੋਂ ਮੰਗ ਕੀਤੀ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾਪਦੰਡ ਪੂਰਾ ਕਰਵਾ ਕੇ ਆਮ ਲੋਕਾਂ ਤੇ ਪੁਲੀਸ ਦੀ ਆਪਸ ਵਿਚ ਨੇੜਤਾ ਕਾਇਮ ਰੱਖਣ ਦੇ ਮਨੋਰਥ ਨਾਲ ਪਬਲਿਕ ਡੀਲਿੰਗ ਦਾ ਸਮਾਂ ਵਧਾਇਆ ਜਾਵੇ। ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਹਮੇਸ਼ਾ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।