ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਸਤੰਬਰ
ਬ੍ਰਹਮਕੁਮਾਰੀਜ਼ ਦੀ ਅੰਤਰਕੌਮੀ ਸੰਸਥਾ ਵੱਲੋਂ ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਕੁਮਾਰੀ ਸੁੱਖ-ਸ਼ਾਂਤੀ ਭਵਨ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵੈਬਿਨਾਰ ਕਰਵਾਇਆ ਗਿਆ। ਇਸ ਵਿੱਚ ਦਿੱਲੀ ਤੋਂ ਮੋਟੀਵੇਸਨਲ ਬੁਲਾਰਾ ਰਾਜਯੋਗੀ ਬ੍ਰਹਮਾਕੁਮਾਰ ਪਿਊਸ, ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਸੋਹਾਣਾ ਦੀ ਪ੍ਰਿੰਸੀਪਲ ਡਾ. ਹਰਜੀਤ ਕੌਰ ਸਰਾਂ, ਰਾਜਯੋਗ ਸਿੱਖਿਅਕਾ ਬੀਕੇ ਮੀਨਾ, ਸੇਂਟ ਸੋਲਜਰ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਅੰਜਲੀ ਸ਼ਰਮਾ ਨੇ ਸਨਮਾਨਯੋਗ ਬੁਲਾਰਿਆਂ ਵਜੋਂ ਹਿੱਸਾ ਲਿਆ। ਇਸ ਸਮਾਰੋਹ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾਂ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਕੌਮ ਦਾ ਨਿਰਮਾਣ ਪਾਰਲੀਮੈਂਟ ਵਿੱਚ ਨਹੀਂ ਸਗੋਂ ਕਲਾਸ-ਰੂਮ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੇ ਅੰਦਰ ਕੌਸ਼ਲ, ਗੁਣਾਂ ਅਤੇ ਸ਼ਕਤੀਆਂ ਦਾ ਖ਼ਜ਼ਾਨਾ ਹੈ, ਸਿਰਫ਼ ਉਸ ਨੂੰ ਪਛਾਣ ਕੇ ਸਹੀ ਪ੍ਰਯੋਗ ਕਰਨ ਦੀ ਲੋੜ ਹੈ। ਰਾਜਯੋਗ ਸਿੱਖਿਅਕਾਂ ਬੀਕੇ ਮੀਨਾ ਨੇ ਕਰੋਨਾ ਸੰਕਟ ਦੇ ਬਾਵਜੂਦ ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਲਈ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਪ੍ਰਿੰਸੀਪਲ ਸ੍ਰੀਮਤੀ ਅੰਜਲੀ ਸ਼ਰਮਾ ਅਤੇ ਡਾ. ਹਰਜੀਤ ਕੌਰ ਸਰਾਂ ਨੇ ਅਧਿਆਪਕਾਂ ਨੂੰ ਉਤਸ਼ਾਹੀ ਸਿਪਾਹੀ ਦੱਸਿਆ।
ਸੁਵੱਖਤੇ ਉੱਠਣ ਦੀ ਆਦਤ ਪਾਉਣ ਦਾ ਸੱਦਾ
ਮੋਟੀਵੇਸਨਲ ਸਪੀਕਰ ਰਾਜਯੋਗੀ ਬੀਕੇ ਪਿਊਸ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕਾਂ ਦੀ ਸੋਚ ਜ਼ਿਆਦਾਤਰ ਨਕਾਰਾਤਮਿਕ ਹੁੰਦੀ ਜਾ ਰਹੀ ਹੈ। ਜਿਸ ਨੂੰ ਬਦਲਣ ਲਈ ਸਵੇਰੇ ਸੁਵੱਖਤੇ ਉੱਠਣ ਦੀ ਆਦਤ ਅਪਣਾਉਣੀ ਹੋਵੇਗੀ ਕਿਉਂਕਿ ਆਮ ਤੌਰ ’ਤੇ ਵਿਅਕਤੀ ਰੋਜ਼ਾਨਾ 60 ਹਜ਼ਾਰ ਵਿਚਾਰ ਪੈਦਾ ਕਰਦਾ ਹੈ, ਜਿਨ੍ਹਾਂ ’ਚੋਂ 80 ਫੀਸਦੀ ਭੂਤਕਾਲ ਦੇ ਨਕਾਰਾਤਮਿਕ ਅਤੇ 15 ਫੀਸਦੀ ਭਵਿੱਖ ਦੀ ਚਿੰਤਾ ਵਾਲੇ ਹੁੰਦੇ ਹਨ। ਅਸਲ ਵਿੱਚ ਮਨੁੱਖ ਨੂੰ ਵਰਤਮਾਨ ਦੇ ਸਕਾਰਾਤਮਿਕ ਵਿਚਾਰਾਂ ਵਿੱਚ ਜਿਊਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਤ 10 ਵਜੇ ਸੌਣ ਅਤੇ ਸਵੇਰੇ 4 ਵਜੇ ਉੱਠਣ ਦਾ ਨਿਯਮ ਬਣਾ ਲੈਣਾ ਚਾਹੀਦਾ ਹੈ ਅਤੇ ਰਾਤ ਸੌਣ ਤੋਂ ਇਕ ਘੰਟਾ ਪਹਿਲਾਂ ਮੋਬਾਈਲ ਅਤੇ ਟੀਵੀ ਬੰਦ ਕਰਕੇ ਆਪਣੇ ਮਨ ਨੂੰ ਇਕਾਗਰ ਕਰਕੇ ਅਤੇ ਵਿਚਾਰਾਂ ਨੂੰ ਦੂਰ ਛੱਡ ਕੇ ਗੂੜ੍ਹੀ ਨੀਂਦ ਵਿੱਚ ਆਰਾਮ ਕਰਨਾ ਚਾਹੀਦਾ ਹੈ। ਉਨ੍ਹਾਂ ਸਵੇਰੇ ਉੱਠ ਕੇ ਇਕ ਘੰਟਾ ਆਤਮ ਚਿੰਤਨ ਕਰਕੇ ਸ਼ਕਤੀਸ਼ਾਲੀ ਬਣਨ ਲਈ ਪ੍ਰੇਰਿਆ।