ਪੱਤਰ ਪ੍ਰੇਰਕ
ਬਨੂੜ, 9 ਅਗਸਤ
ਮੁਹਾਲੀ, ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਮਰੀਜ਼ਾਂ ਲਈ ਨੋਡਲ ਕੋਵਿਡ ਕੇਂਦਰ ਬਣਾਏ ਗਏ ਗਿਆਨ ਸਾਗਰ ਹਸਪਤਾਲ ਵਿੱਚ 300 ਬੈੱਡਾਂ ਦੀ ਸਮਰੱਥਾ ਘੱਟ ਪੈਣ ਲੱਗੀ ਹੈ। ਸਿਹਤ ਵਿਭਾਗ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਇੱਥੋਂ ਤਬਦੀਲ ਕਰਨਾ ਆਰੰਭ ਕਰ ਦਿੱਤਾ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫ਼ਤਹਿਗੜ੍ਹ ਸਾਹਿਬ ਅਤੇ ਘੜੂਆਂ ਯੂਨੀਵਰਸਿਟੀ ਵਿੱਚ ਬਣਾਏ ਗਏ ਕੋਵਿਡ ਕੇਂਦਰਾਂ ਵਿੱਚ ਅੱਜ ਇੱਥੋਂ 25 ਮਰੀਜ਼ ਤਬਦੀਲ ਕੀਤੇ ਗਏ ਅਤੇ 30 ਤੋਂ ਵੱਧ ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਹੁਣ 232 ਮਰੀਜ਼ ਹਨ, ਜਿਨ੍ਹਾਂ ਵਿੱਚੋਂ 14 ਕਰੋਨਾ ਪੀੜਤ ਆਈਸੀਯੂ ਵਿੱਚ ਹਨ। ਉਨ੍ਹਾਂ ਦੱਸਿਆ ਕਿ ਇੱਕ ਮਰੀਜ਼ ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ਉੱਤੇ ਹੈ। ਇਸੇ ਦੌਰਾਨ ਅੱਜ ਬਨੂੜ ਦੇ ਵਾਰਡ ਨੰਬਰ ਅੱਠ ਵਿੱਚ ਇੱਕ ਹੋਰ ਮਹਿਲਾ ਕਰੋਨਾ ਪੀੜਤ ਪਾਈ ਗਈ। ਐੱਸਐੱਮਓ ਡਾ. ਹਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਇਹ ਮਹਿਲਾ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਗਈ ਸੀ, ਜਿੱਥੇ ਟੈਸਟ ਦੌਰਾਨ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਇਸੇ ਤਰ੍ਹਾਂ ਤੰਗੋਰੀ ਵਿੱਚ ਇੱਕ 31 ਸਾਲਾ ਪੁਰਸ਼ ਵੀ ਕਰੋਨਾ ਪੀੜਤ ਪਾਇਆ ਗਿਆ ਹੈ।