ਸਿਆਸੀ ਮੁੱਦੇ ਅਤੇ ਨਾਇਕ ਦੀ ਤਲਾਸ਼
1 ਅਗਸਤ ਨੂੰ ਅਮਨਦੀਪ ਸਿੰਘ ਸੇਖੋਂ ਦਾ ਲੇਖ ‘ਸਿਆਸਤਦਾਨ, ਸਿਆਸੀ ਇੱਛਾ ਸ਼ਕਤੀ ਤੇ ਅਵਾਮ’ ਪੜ੍ਹਿਆ। ਬਹੁਤ ਵਧੀਆ ਨੈਰੇਟਿਵ ਹੈ। ਵਾਕਈ ਭਗਤ ਸਿੰਘ ਸਿਆਸੀ ਮੁੱਦਿਆਂ ਨੂੰ ਜਨਤਕ ਕਟਹਿਰੇ ’ਚ ਲਿਆਉਣ ਪੱਖੋਂ ਬੜਾ ਹੀ ਸਿਆਣਾ ਨੇਤਾ ਸੀ। ਉਹ ਆਪਣੇ ਹਰ ਐਕਸ਼ਨ, ਮਾਅਰਕੇ ਤੇ ਜੇਲ੍ਹ ਅੰਦਰ ਦਿੱਤੇ ਬਿਆਨ ਨੂੰ ਜਨਤਕ ਕਰਨ ’ਤੇ ਜ਼ੋਰ ਦਿੰਦਾ ਸੀ। ਸਰਮਾਏਦਾਰੀ ਸਨਅਤੀ ਕ੍ਰਾਂਤੀ ਕਾਲ ਨੇ ਨਾਵਲ ’ਚ ਹੀਰੋ ਦੀ ਮੌਤ ਦਾ ਐਲਾਨ ਤਾਂ ਕਰ ਦਿੱਤਾ ਪਰ ਭਾਰਤੀ ਮਾਨਸਿਕਤਾ ਨੇ ਇਸ ਸੰਕਲਪ ਨੂੰ ਸਵੀਕਾਰ ਨਹੀਂ ਕੀਤਾ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ ਦੇ ਨਾਇਕਾਂ ਤੋਂ ਲੈ ਕੇ ਅੰਨਾ ਹਜ਼ਾਰੇ ਤਕ ਭਾਰਤੀ ਲੋਕ-ਮਾਨਸ ਕਿਸੇ ਹੀਰੋ ਦੀ ਇੰਤਜ਼ਾਰ ਕਰਦੀ ਹੈ ਅਤੇ ਇਸ ਹੀਰੋ ਦੀ ਸਫ਼ਲਤਾ ਸਿਆਸੀ ਮੁੱਦਿਆਂ ਨੂੰ ਜਨਤਾ ’ਚ ਲਿਆਉਣ ਦੇ ਦਾਅ ਪੇਚਾਂ ’ਤੇ ਨਿਰਭਰ ਕਰਦੀ ਹੈ। ਦੇਸ਼ ’ਚ ਜਨਤਕ ਉਭਾਰ ਉੱਠਦੇ ਰਹਿਣਗੇ ਪਰ ਕਿਸੇ ਨਾਇਕਤਵ ਦੀ ਮੌਜੂਦਗੀ ਖੁਣੋਂ ਠੁੱਸ ਵੀ ਹੁੰਦੇ ਰਹਿਣਗੇ। ਇਹ ਕੁਝ ਹੀ ਤਾਂ ਅੱਜ ਜੇਲ੍ਹੀਂ ਬੈਠੇ ਲੇਖਕਾਂ, ਬੁੱਧੀਜੀਵੀਆਂ, ਮਾਨਵੀ ਅਧਿਕਾਰਾਂ ਦੇ ਕਾਰਕੁਨਾਂ ਆਦਿ ਦੀ ਹੋਣੀ ਹੈ।
ਲਾਭ ਸਿੰਘ ਖੀਵਾ, ਚੰਡੀਗੜ੍ਹ
ਇਤਿਹਾਸ ਦੇ ਅਣਫ਼ੋਲੇ ਵਰਕੇ
ਸ਼ਨਿਚਰਵਾਰ (1 ਅਗਸਤ) ਨੂੰ ਇੰਟਰਨੈੱਟ ਸਫ਼ੇ ’ਤੇ ‘ਤਬਸਰਾ’ ਉੱਤੇ ਜਸਵੀਰ ਸਿੰਘ ਭਾਕੜ ਦੀ ਰਚਨਾ ‘ਸ਼ਹੀਦ ਊਧਮ ਸਿੰਘ : ਇਤਿਹਾਸ ਦੇ ਅਣਫ਼ੋਲੇ ਵਰਕੇ’ ਪੜ੍ਹੀ ਜਿਸ ਵਿਚ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਇੰਗਲੈਂਡ ਕਿਆਮ ਦੌਰਾਨ ਜੀਵਨ ਦੇ ਕੁਝ ਅਹਿਮ ਪੱਖਾਂ ਬਾਰੇ ਚਾਨਣਾ ਪਾਇਆ। ਸੱਚਮੁੱਚ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਲਾਸਾਨੀ ਹੈ। ਉਸ ਦਾ ਜੀਵਨ ਦੱਸਦਾ ਹੈ ਕਿ ਉਹ ਵੱਖ ਵੱਖ ਸ਼ਖ਼ਸੀਅਤਾਂ ਨਾਲ ਕਿਸ ਤਰ੍ਹਾਂ ਰਾਬਤਾ ਰੱਖਦਾ ਹੈ।
ਗੁਰਮੀਤ ਸਿੰਘ, ਵੇਰਕਾ
ਕਿਸਾਨਾਂ ਦੀ ਜ਼ਮੀਨ ਦਾਅ ’ਤੇ
1 ਅਗਸਤ ਨੂੰ ਖੇਤੀ ਪੰਨੇ ਉੱਤੇ ਹਮੀਰ ਸਿੰਘ ਦਾ ਲੇਖ ‘ਖੇਤੀ ਆਰਡੀਨੈਂਸ : ਕਿਸਾਨ ਅੰਦੋਲਨ ਤੇ ਗ੍ਰਾਮ ਸਭਾਵਾਂ’ ਪੜ੍ਹਿਆ। ਪੜ੍ਹ ਕੇ ਪਤਾ ਲੱਗਿਆ ਕਿ ਇਨ੍ਹਾਂ ਆਰਡੀਨੈਂਸਾਂ ਕਾਰਨ ਸਾਡੀਆਂ ਜ਼ਮੀਨਾਂ ਹੌਲੀ ਹੌਲੀ ਕਾਰਪੋਰੇਟ ਕੰਪਨੀਆਂ ਕੋਲ ਚਲੀਆਂ ਜਾਣਗੀਆਂ; ਨਾਲ ਹੀ ਹੋਰ ਬਹੁਤ ਸਾਰੇ ਵਰਗ ਜਿਵੇਂ ਛੋਟੇ ਵਪਾਰੀ, ਮਜ਼ਦੂਰ, ਛੋਟੇ ਦੁਕਾਨਦਾਰ, ਦਿਹਾੜੀਦਾਰ ਵੀ ਇਨ੍ਹਾਂ ਆਰਡੀਨੈਂਸਾਂ ਦਾ ਸ਼ਿਕਾਰ ਹੋ ਕੇ ਖ਼ਤਮ ਹੋ ਜਾਣਗੇ। ਇਸ ਕਰਕੇ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਪਿੰਡ ਦੀ ਗ੍ਰਾਮ ਸਭਾ ਤੋਂ ਲੈ ਕੇ ਪੂਰੇ ਦੇਸ਼ ਪੱਧਰ ਤਕ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਸੰਪਾਦਕੀ ‘ਨਵੀਂ ਸਿੱਖਿਆ ਨੀਤੀ’ ਪੜ੍ਹਿਆ। ਇਹ ਨੀਤੀ ਦਰਅਸਲ, ਵਪਾਰੀਕਰਨ ਅਤੇ ਨਿੱਜੀਕਰਨ ਨੂੰ ਸੱਦਾ ਦੇਣ ਲਈ ਬਣਾਈ ਗਈ ਹੈ। ਇਸ ਨੀਤੀ ਤਹਿਤ ਜਿੱਥੇ ਨਿੱਜੀਕਰਨ ਵਧੇਗਾ, ਉੱਥੇ ਹੀ ਸਰਕਾਰੀ ਤੰਤਰ ਦਾ ਘਾਣ ਹੋਵੇਗਾ। ਸਿੱਖਿਆ ਮਹਿੰਗੀ ਹੋ ਜਾਵੇਗੀ ਜਿਸ ਕਾਰਨ ਗ਼ਰੀਬ ਅਤੇ ਆਮ ਲੋਕ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਜਾਣਗੇ।
ਜਗਜੀਤ ਸਿੰਘ, ਅਸੀਰ (ਡੱਬਵਾਲੀ)
ਖੇਤੀਬਾੜੀ ਦੀ ਪੜ੍ਹਾਈ
1 ਅਗਸਤ ਨੂੰ ਪਹਿਲੇ ਸਫ਼ੇ ’ਤੇ ਫਰੀਦਕੋਟ ਤੋਂ ਜਸਵੰਤ ਜੱਸ ਦੀ ਰਿਪੋਰਟ ‘ਕੇਂਦਰੀ ਕੌਂਸਲ ਵੱਲੋਂ ਬਰਜਿੰਦਰਾ ਕਾਲਜ ਫਰੀਦਕੋਟ ਦੇ ਖੇਤੀਬਾੜੀ ਵਿਭਾਗ ਨੂੰ ਮਾਨਤਾ ਦੇਣ ਤੋਂ ਨਾਂਹ’ ਪੜ੍ਹੀ। ਇਹ ਖ਼ਬਰ ਖੇਤੀਬਾੜੀ ਦੀ ਪੜ੍ਹਾਈ ਦੇ ਚਾਹਵਾਨ ਮਾਲਵਾ ਇਲਾਕੇ ਦੇ ਵਿਦਿਆਰਥੀਆਂ ਲਈ ਬੇਹੱਦ ਦੁਖਦਾਈ ਹੈ। ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਅਤੇ ਪੰਜਾਬ ਕੌਂਸਲ ਆਫ਼ ਐਗਰੀਕਲਚਰ ਦੀਆਂ ਸਖ਼ਤ ਸ਼ਰਤਾਂ ਕਾਰਨ ਬਰਜਿੰਦਰਾ ਕਾਲਜ ਵਿਚ ਇਸ ਵਾਰ ਬੀਐਸਸੀ ਖੇਤੀਬਾੜੀ ਲਈ ਨਵੇਂ ਦਾਖਲੇ ਨਹੀਂ ਹੋਣਗੇ। ਸਰਕਾਰੀ ਕਾਲਜ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੰਜਾਬ ਸਰਕਾਰ ਦਾ ਫਰਜ਼ ਹੈ। ਜੇਕਰ ਇਸ ਵਾਰ ਸਬੰਧਿਤ ਮਸਲੇ ਨੂੰ ਲੈ ਕੇ ਕਾਲਜ ਵਿਚ ਦਾਖ਼ਲਾ ਨਹੀਂ ਹੁੰਦਾ ਤਾਂ ਇਹ ਪੰਜਾਬ ਸਰਕਾਰ ਦੀ ਵੱਡੀ ਨਾਲਾਇਕੀ ਹੀ ਮੰਨੀ ਜਾਵੇਗੀ।
ਰਾਜਿੰਦਰ ਸਿੰਘ ਮਰਾਹੜ, ਪਿੰਡ ਕੋਠਾ ਗੁਰੂ (ਬਠਿੰਡਾ)
ਮਨਪ੍ਰੀਤ ਬਾਦਲ ਦਾ ਫਰਮਾਨ
31 ਜੁਲਾਈ ਨੂੰ ਅੱਠਵੇਂ ਸਫ਼ੇ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਠਿੰਡੇ ਤੋਂ ਬਿਆਨ ਛਪਿਆ ਹੈ ਕਿ ਸਰਕਾਰੀ ਖ਼ਜ਼ਾਨੇ ’ਚੋਂ ਮੋਰੀ ਵਾਲੇ ਪੈਸੇ ਦੀ ਵੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦਰੁਸਤ ਫਰਮਾਇਆ ਹੈ ਪਰ ਜਾਪਦਾ ਹੈ ਕਿ ਸਰਕਾਰ ਨੇ ਦੁਰਵਰਤੋਂ ਬੰਦ ਕਰਦੇ ਕਰਦੇ, ਪੈਸੇ ਦੀ ਵਰਤੋਂ ਹੀ ਬੰਦ ਕਰ ਦਿੱਤੀ ਹੈ, ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਜਨਵਰੀ 2016 ਤੋਂ ਨਵੇਂ ਤਨਖ਼ਾਹ ਸਕੇਲ, ਕੁੜੀਆਂ ਦੇ ਵਿਆਹ ਵਾਲੇ ਸ਼ਗਨ, ਬੱਚਿਆਂ ਦੇ ਮੋਬਾਇਲ ਫੋਨ ਸਭ ਦਾ ਸਰਫ਼ਾ ਖਾ ਗਿਆ ਹੈ। ਦੂਜੇ ਪਾਸੇ ਵਿਧਾਇਕਾਂ ਨੂੰ 15000 ਰੁਪਏ ਫ਼ੋਨ ਭੱਤਾ ਮਿਲ ਰਿਹਾ ਹੈ। ਇਕ ਇਕ ਲੀਡਰ ਨੂੰ ਪੰਜ ਪੰਜ ਪੈਨਸ਼ਨਾਂ ਮਿਲ ਰਹੀਆਂ ਹਨ।
ਅੰਗਰੇਜ਼ ਸਿੰਘ, ਲਹਿਰਾ ਮੁਹੱਬਤ
ਮਿਹਨਤ ਦਾ ਪਾਠ
31 ਜੁਲਾਈ ਨੂੰ ਡਾ. ਗਿਆਨ ਸਿੰਘ ਦਾ ਮਿਡਲ ‘ਸੀਤਾ ਰਾਮ ਦਾ ਕਰਜ਼’ ਮਿਹਨਤ ਕਰ ਕੇ ਗੁਜ਼ਾਰਾ ਕਰਨ ਦਾ ਪਾਠ ਪੜ੍ਹਾਉਣ ਵਾਲਾ ਹੈ। ਲਿਖਤ ਸਿੱਖਿਆਦਾਇਕ ਹੈ।
ਸ਼ਾਮ ਲਾਲ ਕੌਸ਼ਲ, ਰੋਹਤਕ
(2)
ਡਾ. ਗਿਆਨ ਸਿੰਘ ਦਾ ਮਿਡਲ ‘ਸੀਤਾ ਰਾਮ ਦਾ ਕਰਜ਼ਾ’ ਪੂਰੇ ਪਰਿਵਾਰ ਨਾਲ ਬੈਠ ਕੇ ਪੜ੍ਹਿਆ। ਜ਼ਿੰਦਗੀ ਵਿਚ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਜੋ ਇਨਸਾਨ ਮੂਲ ਰੂਪ ਵਿਚ ਚੰਗਿਆਈ ਦਾ ਪੱਖ ਪੂਰਦਾ ਹੈ, ਉਸ ਦੀ ਗਿਣਤੀ ਹਮੇਸ਼ਾ ਵਧੀਆ ਇਨਸਾਨਾਂ ਵਿਚ ਹੋਵੇਗੀ। ਲਿਖਤ ਦਾ ਸੁਨੇਹਾ ਜ਼ੋਰਦਾਰ ਹੈ।
ਇਕਬਾਲਜੀਤ ਸਿੰਘ ਬੈਨੀਪਾਲ, ਖੰਨਾ
ਵਿਰਾਸਤ ਦੀ ਸੰਭਾਲ
25 ਜੁਲਾਈ ਨੂੰ ਸੰਪਾਦਕੀ ‘ਵਿਰਾਸਤ ਦੀ ਸੰਭਾਲ’ ਪੜ੍ਹਿਆ ਜਿਸ ਵਿਚ ਰਾਮ ਮੰਦਰ ਵਾਲੀ ਥਾਂ ਤੋਂ ਮਿਲੀਆਂ ਉਨ੍ਹਾਂ ਵਸਤਾਂ ਦਾ ਜ਼ਿਕਰ ਹੈ ਜਿਹੜੀਆਂ ਆਮ ਕਰਕੇ ਬੁੱਧ ਧਰਮ ਨਾਲ ਜੁੜੀਆਂ ਥਾਵਾਂ ਤੋਂ ਮਿਲਦੀਆਂ ਹਨ। ਸੁਪਰੀਮ ਕੋਰਟ ਨੇ ਇਨ੍ਹਾਂ ਵਸਤਾਂ ਦੀ ਸੰਭਾਲ ਬਾਰੇ ਪਾਈਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ। ਅਜਿਹਾ ਸ਼ਾਇਦ ਇਸ ਕਰ ਕੇ ਕੀਤਾ ਗਿਆ ਹੈ ਤਾਂ ਕਿ ਕੱਲ੍ਹ ਨੂੰ ਇਨ੍ਹਾਂ ਵਸਤਾਂ ਨੂੰ ਆਧਾਰ ਬਣਾ ਕੇ ਕੋਈ ਅਦਾਲਤ ਵਿਚ ਨਾ ਚਲਾ ਜਾਵੇ। ਕਮਾਲ ਹੈ ਕਿ ਅਦਾਲਤ ਆਸਥਾ ਦੇ ਆਧਾਰ ’ਤੇ ਫ਼ੈਸਲੇ ਕਰ ਰਹੀ ਹੈ।
ਗੁਰਨਾਮ ਸਿੰਘ, ਰੂਪਨਗਰ