ਖੇਤਰੀ ਪ੍ਰਤੀਨਿਧ
ਬਰਨਾਲਾ, 6 ਸਤੰਬਰ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਅਤੇ ਆਲ ਇੰਡੀਆ ਸਿੱਖਿਆ ਅਧਿਕਾਰ ਮੰਚ ਦੇ ਸੱਦੇ ’ਤੇ ਡੀਟੀਐੱਫ ਅਤੇ ਡੀਐੱਮਐੱਫ ਬਰਨਾਲਾ ਨੇ ਕੇਂਦਰੀ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਨਿੱਜੀਕਰਨ, ਕੇਂਦਰੀਕਰਨ ਤੇ ਭਗਵਾਂ-ਕਰਨ ਪੱਖੀ ਕਰਾਰ ਦਿੰਦਿਆਂ ਵਿਰੋਧ ਵਿੱਚ ਰੋਸ ਵਿਖਾਵਾ ਕੀਤਾ ਅਤੇ ਰੱਦ ਕਰਨ ਦੀ ਮੰਗ ਕੀਤੀ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਅਤੇ ਜਨਰਲ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਡੀਟੀਐੱਫ ਨੇ ਸਰਕਾਰੀ ਸਿੱਖਿਆ ਦੇ ਵਿਆਪਕ ਪੱਧਰ ’ਤੇ ਕੀਤੇ ਜਾ ਰਹੇ ਉਜਾੜੇ ਵਿਰੁੱਧ ਮੁਹਿੰਮ ਛੇੜ ਕੇ ਸਿੱਖਿਆ ਨੂੰ ਬਚਾਉਣ ਦਾ ਅਹਿਦ ਲਿਆ ਹੈ। ਅਧਿਆਪਕ ਆਗੂਆਂ ਰਾਮੇਸ਼ਵਰ ਕੁਮਾਰ, ਅੰਮ੍ਰਿਤ ਪਾਲ ਕੋਟਦੁੱਨਾ, ਡਾ. ਰਜਿੰਦਰਪਾਲ, ਖੁਸ਼ਿਵੰਦਰ ਪਾਲ, ਬਲਜਿੰਦਰ ਪ੍ਰਭੂ ਨੇ ਕਿਹਾ ਕਿ 5 ਸਤੰਬਰ ਦੇ ਅਧਿਆਪਕ ਦਿਵਸ ਦੀ ਇੱਕ ਦਿਖਾਵੇ ਤੋਂ ਵੱਧ ਕੋਈ ਅਹਿਮੀਅਤ ਨਹੀਂ ਹੈ, ਜਦੋਂਕਿ ਅਸਲੀਅਤ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਅਧਿਆਪਕ ਦੀ ਹਾਲਤ ਬੰਧੂਆ ਮਜ਼ਦੂਰ ਵਰਗੀ ਹੋਈ ਪਈ ਹੈ। ਆਗੂਆਂ ਨੇ ਮੰਗ ਕੀਤੀ ਕਿ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਅਧਿਆਪਕਾਂ ’ਤੇ ਬੇਲੋੜੇ ਮਾਨਸਿਕ ਬੋਝ ਨੂੰ ਖ਼ਤਮ ਕੀਤਾ ਜਾਵੇ।