ਜਸਵੰਤ ਸਿੰਘ ਥਿੰਦ
ਮਮਦੋਟ , 23 ਅਗਸਤ
ਇਥੇ ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਰਹੀਮੇ ਕੇ ਉਤਾੜ ਦੇ ਕਿਸਾਨ ਦੀ ਡੇਢ ਕਨਾਲ ਦੇ ਕਰੀਬ ਜ਼ਮੀਨ ਬਾਰਸ਼ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਛੱਪੜ ਵਿੱਚ ਰੁੜ੍ਹ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਤੇਜਿੰਦਰ ਢੀਂਗੜਾ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤੀ ਜ਼ਮੀਨ ਵਿੱਚ ਉਸ ਦੀ ਮਾਲਕੀ ਜ਼ਮੀਨ ਦੇ ਬਿਲਕੁਲ ਨਾਲ ਛੱਪੜ ਪੁਟਵਾਇਆ ਗਿਆ ਸੀ।
ਉਕਤ ਕਿਸਾਨ ਨੇ ਦੱਸਿਆ ਕਿ ਛੱਪੜ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਬਾਰਿਸ਼ ਦੇ ਪਾਣੀ ਨਾਲ ਉਸ ਦੀ ਡੇਢ ਕਨਾਲ ਜ਼ਮੀਨ ਰੁੜ੍ਹ ਕੇ ਛੱਪੜ ਨਾਲ ਮਿਲ ਗਈ, ਜਿਸ ਵਿੱਚ ਬੀਜੀ ਝੋਨੇ ਦੀ ਫਸਲ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।
ਕਿਸਾਨ ਨੇ ਪੰਚਾਇਤ ’ਤੇ ਲਾਪ੍ਰਵਾਹੀ ਵਰਤੇ ਜਾਣ ਦਾ ਦੋਸ਼ ਲਾਇਆ ਹੈ ਪੀੜਤ ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸਾਨ ਦੀ ਪੂਰਤੀ ਪੰਚਾਇਤ ਵੱਲੋਂ ਕਰਵਾਈ ਜਾਵੇ ਅਤੇ ਛੱਪੜ ਨੂੰ ਪੱਕਾ ਕਰਵਾਇਆ ਜਾਵੇ ਤਾਂ ਜੋ ਅੱਗੇ ਤੋਂ ਉਸ ਦਾ ਨੁਕਸਾਨ ਨਾ ਹੋ ਸਕੇ। ਉਧਰ ਪਿੰਡ ਦੇ ਮੌਜੂਦਾ ਸਰਪੰਚ ਨੇ ਦੱਸਿਆ ਕਿ ਪੰਚਾਇਤ ਵੱਲੋਂ ਕਿਸੇ ਕਿਸਮ ਦੀ ਲਾਪ੍ਰਵਾਹੀ ਨਹੀਂ ਵਰਤੀ ਗਈ ਬਾਰਸ਼ ਜ਼ਿਆਦਾ ਹੋਣ ਕਰਕੇ ਜ਼ਮੀਨ ਨੂੰ ਖ਼ਾਰ ਪੈ ਗਈ ਹੈ ਇਸ ਵਿੱਚ ਪੰਚਾਇਤ ਦਾ ਕੋਈ ਕਸੂਰ ਨਹੀਂ ਹੈ।