ਪੱਤਰ ਪ੍ਰੇਰਕ
ਬਠਿੰਡਾ, 6 ਸਤੰਬਰ
ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਕਾਰਨ ਅੱਜ ਤਿੰਨ ਮੌਤਾਂ ਹੋ ਗਈਆਂ। ਇਸ ਤੋਂ ਇਲਾਵਾ 124 ਨਵੇਂ ਮਰੀਜ਼ ਮਿਲੇ ਹਨ। ਸਥਾਨਕ ਇੱਕ ਹੋਟਲ ਵਿਚ ਦਮ ਤੋੜਣ ਵਾਲਾ ਜਗਦੀਸ਼ ਮਹਿਤਾ ਸਥਾਨਕ ਬਿਰਲਾ ਮਿੱਲ ਕਲੋਨੀ, ਅਜਾਇਬ ਸਿੰਘ ਅਮਰਪਰਾ ਬਸਤੀ ਤੇ ਨਾਮਦੇਵ ਵਾਸੀ ਜਗਜੀਤ ਸਿੰਘ ਸ਼ਾਮਲ ਹੈ। ਉਧਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਛੇ ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਏ ਗਏ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਕਰੋਨਾ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਪੰਜਾਬ ਪੁਲੀਸ ਦਾ 40 ਸਾਲਾ ਕਰਮਚਾਰੀ ਵੀ ਮੌਜੂਦ ਸੀ। ਇਨ੍ਹਾਂ ਤਿੰਨ ਮੌਤਾਂ ਨਾਲ ਮੁਕਤਸਰ ‘ਚ ਮੌਤਾਂ ਦਾ ਅੰਕੜਾ ਹੁਣ 14 ਹੋ ਗਿਆ ਹੈ। ਇੰਜ ਹੀ ਮੁਕਤਸਰ ‘ਚ ਅੱਜ 69 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ‘ਚ 37 ਮੁਕਤਸਰ ਦੇ ਰਹਿਣ ਵਾਲੇ ਹਨ ਜਦੋਂ ਕਿ ਜ਼ਿਲ੍ਹਾ ਜੇਲ੍ਹ ਦੇ 13, ਮਲੋਟ ਦੇ 6, ਗਿੱਦੜਬਾਹਾ ਦੇ 2 ਅਤੇ ਪਿੰਡ ਮਧੀਰ, ਲੰਬੀ, ਭੁਲੇਰੀਆਂ, ਕਬਰਵਾਲਾ, ਉਦੇਕਰਨ, ਲੁਬਾਨਿਆਂਵਾਲੀ, ਫੱਤਣਵਾਲਾ, ਕਾਉਣੀ, ਦੋਦਾ ਤੇ ਮਰਾੜ੍ਹ ਕਲਾਂ ਦਾ 1-1 ਵਿਅਕਤੀ ਸ਼ਾਮਲ ਹਨ।
ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਮੁਕਤਸਰ ਦਾ ਰਹਿਣ ਵਾਲਾ ਪੁਲੀਸ ਕਰਮੀ, ਪਾਜ਼ੇਟਿਵ ਆਉਣ ਤੋਂ ਬਾਅਦ ਘਰ ‘ਚ ਇਕਾਂਤਵਾਸ ਕੀਤਾ ਹੋਇਆ ਸੀ, ਇਸ ਦੌਰਾਨ ਉਸ ਦੀ ਤਬੀਅਤ ਵਿਗੜ ਗਈ ਤੇ ਮੁਕਤਸਰ ਦੇ ਨਿੱਜੀ ਹਸਪਤਾਲ ‘ਚ ਇਲਾਜ ਤੋਂ ਬਾਅਦ ਜਦੋਂ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਤਾਂ ਰਸਤੇ ‘ਚ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦੂਸਰਾ ਵਿਅਕਤੀ ਮਲੋਟ ਦਾ ਰਹਿਣ ਵਾਲਾ 68 ਸਾਲ ਦੀ ਉਮਰ ਦਾ ਸੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਸੀ ਜਦੋਂ ਕਿ ਤੀਜਾ ਮਰੀਜ਼ 45 ਸਾਲਾ ਵਿਅਕਤੀ ਪਿੰਡ ਮਡਾਹਰ ਕਲਾਂ ਦਾ ਰਹਿਣ ਵਾਲਾ ਸੀ ਅਤੇ ਸ਼ੂਗਰ ਤੇ ਹਾਈਪਰਟੈਂਸ਼ਨ ਦੇ ਇਲਾਜ ਲਈ ਡੀ. ਐਮ. ਸੀ. ਲੁਧਿਆਣਾ ‘ਚ ਦਾਖਲ ਸੀ।
ਇਸ ਦੌਰਾਨ ਸਿਹਤ ਵਿਭਾਗ ਵੱਲੋਂ ਮੁਹੱਲਾਵਾਰ ਕੈਂਪ ਲਾ ਕੇ ਲੋਕਾਂ ਦੇ ਟੈਸਟ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਦੌਰਾਨ ਸ਼ਿਵ ਮੰਦਰ ਵਿੱਚ ਲੱਗੇ ਕੈਂਪ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਐੱਮ.ਕੇ. ਅਰਾਵਿੰਦ ਕੁਮਾਰ ਨੇ ਕਿਹਾ ਕਿ ਮਹਾਮਾਰੀ ਦਾ ਫੈਲਾਅ ਰੋਕਣ ਲਈ ਆਮ ਲੋਕਾਂ ਨੂੰ ਸਰਕਾਰ, ਪ੍ਰਸ਼ਾਸਨ ਤੇ ਸਿਹਤ ਵਿਭਾਗ ਦਾ ਸਾਥ ਦੇ ਕੇ ਆਪਣਾ ਬਚਾਅ ਕਰਨਾ ਚਾਹੀਦਾ ਹੈ।
ਸਿਰਸਾ (ਪੱਤਰ ਪ੍ਰੇਰਕ): ਜ਼ਿਲ੍ਹਾ ਜੇਲ੍ਹ ’ਚ 11 ਕੈਦੀਆਂ ਸਮੇਤ 40 ਸੱਜਰੇ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 1751 ’ਤੇ ਪੁੱਜ ਗਿਆ ਹੈ। ਹੁਣ ਤੱਕ 1140 ਵਿਅਕਤੀ ਸਿਹਤਯਾਬ ਹੋਏ ਹਨ ਜਦੋਂਕਿ 23 ਵਿਅਕਤੀਆਂ ਦੀ ਹੁਣ ਤੱਕ ਕਰੋਨਾ ਨਾਲ ਮੌਤ ਹੋਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦਿੱਤੀ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਦੇ 28 ਨਵੇਂ ਮਾਮਲੇ ਸਾਹਮਣੇ ਹਨ। ਹੁਣ ਤੱਕ 807 ਵਿਅਕਤੀ ਕਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ, ਜਦੋਂ ਕਿ 24 ਵਿਅਕਤੀਆਂ ਨੂੰ ਛੁੱਟੀ ਦੇਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 308 ਹੋ ਗਈ ਹੈ। ਕਰੋਨਾ ਮਹਾਮਾਰੀ ਕਾਰਨ ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚ ਕੁੱਲ 12 ਜਣਿਆਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਡਾ.ਜੀਬੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਵੇਂ ਆਏ 28 ਮਾਮਲਿਆਂ ਵਿੱਚ ਮਾਨਸਾ 20, ਬੁਢਲਾਡਾ 2, ਖਿਆਲਾ ਕਲਾਂ 1 ਅਤੇ ਸਰਦੂਲਗੜ੍ਹ ਦੇ 5 ਵਿਅਕਤੀ ਸ਼ਾਮਲ ਪਾਏ ਗਏ ਹਨ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ‘ਚ ਅੱਜ ਕਰੋਨਾ ਦੇ 49 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਫ਼ਾਜ਼ਿਲਕਾ ਡਾ. ਭੁਪਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਨਵੇਂ ਮਾਮਲਿਆਂ ‘ਚ 29 ਅਬੋਹਰ, 12 ਫਾਜ਼ਿਲਕਾ ਅਤੇ 8 ਕੇਸ ਜਲਾਲਾਬਾਦ ਸ਼ਹਿਰਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਨਾਲ ਸਬੰਧਤ ਹਨ।
ਰੇਹੜੀ ਚਾਲਕਾਂ ਤੇ ਵਿਜੀਲੈਂਸ ਮੁਲਾਜ਼ਮਾਂ ਦੇ ਸੈਂਪਲ ਲਏ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਮਾਨਸਾ ਵਿੱਚ ਰੇਹੜੀ ਵਾਲਿਆਂ ਅਤੇ ਵਿਜੀਲੈਂਸ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰੋਨਾ ਸੈਂਪਲ ਇੱਕਤਰ ਕੀਤੇ ਗਏ। ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਅੱਜ 54 ਵਿਅਕਤੀਆਂ ਦੇ ਕੋਰੋਨਾ ਸੈਂਪਲ ਇੱਕਤਰ ਕੀਤੇ ਗਏ ਹਨ।
ਡੀਸੀ ਦਫਤਰ ਦੇ ਛੇ ਮੁਲਾਜ਼ਮ ਕਰੋਨਾ ਪਾਜ਼ੇਟਿਵ
ਬਠਿੰਡਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਦਫ਼ਤਰ ਦੇ ਛੇ ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਏ ਗਏ। ਇਸ ਸਬੰਧੀ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਜੋ ਵੀ ਵਿਅਕਤੀ ਪਿਛਲੇ ਤਿੰਨ ਦਿਨਾਂ ਦੌਰਾਨ ਦਫ਼ਤਰ ਦੇ ਸੰਪਰਕ ਵਿੱਚ ਆਏ ਹਨ ਉਹ ਆਪਣਾ ਕਰੋਨਾ ਦਾ ਟੈਸਟ ਜ਼ਰੂਰ ਕਰਵਾ ਲੈਣ ਅਤੇ ਇਕਾਂਤਵਾਸ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ। ਉਨਾਂ ਅੱਗੇ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਕੈਂਪ ਦਫ਼ਤਰ ਦੀ ਸਾਫ਼ ਸਫ਼ਾਈ ਦੇ ਮੱਦੇਨਜ਼ਰ ਅਗਲੇ ਤਿੰਨ ਲਈ ਆਮ ਲੋਕਾਂ ਲਈ ਬੰਦ ਰਹੇਗਾ।