ਮਕਬੂਲ ਅਹਿਮਦ
ਕਾਦੀਆਂ, 9 ਅਗਸਤ
ਨੇੜਲੇ ਪਿੰਡ ਤਤਲੇ ’ਚ ਸੜਕ ਹਾਦਸੇ ਦੌਰਾਨ ਚਾਚੀ-ਭਤੀਜੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਸਬੀਰ ਕੌਰ (35) ਪਤਨੀ ਦੇਸਰਾਜ ਸਿੰਘ ਵਾਸੀ ਪਿੰਡ ਤਤਲਾ ਆਪਣੇ ਪਤੀ ਦੀਆਂ ਭਤੀਜੀਆਂ ਕੋਮਲਪ੍ਰੀਤ ਕੌਰ (17) ਅਤੇ ਬਲਬੀਰ ਕੌਰ ਵਾਸੀ ਤਤਲੇ ਨਲਾ ਘੁੰਮਣੀ ਤੋਂ ਆਪਣੀ ਮੋਪੇਡ ’ਤੇ ਘਰ ਪਰਤ ਰਹੀਆਂ ਸਨ। ਪਿੰਡ ਤਤਲੇ ਅਤੇ ਸੇਖਵਾਂ ਦੇ ਵਿਚਕਾਰ ਇੱਕ ਮੋੜ ’ਤੇ ਉਹ ਮੋਪੇਡ ਤੋਂ ਸੰਤੁਲਨ ਗੁਆ ਬੈਠੀਆਂ ਅਤੇ ਡਿੱਗਣ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ। ਉਥੋਂ ਲੰਘ ਰਹੇ ਇੱਕ ਪੁਲੀਸ ਮੁਲਾਜ਼ਮ ਨੇ ਉਨ੍ਹਾਂ ਨੂੰ ਤੁਰੰਤ ਕਾਦੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਇਸ ਦੌਰਾਨ ਕੋਮਲਪ੍ਰੀਤ ਕੌਰ ਅਤੇ ਉਸਦੀ ਚਾਚੀ ਜਸਬੀਰ ਕੌਰ ਦੀ ਮੌਤ ਹੋ ਗਈ, ਜਦਕਿ ਬਲਬੀਰ ਕੌਰ (15) ਦਾ ਇਲਾਜ ਚੱਲ ਰਿਹਾ ਹੈ।