ਪੱਤਰ ਪ੍ਰੇਰਕ
ਮਾਨਸਾ, 30 ਅਗਸਤ
ਕਰੋਨਾ ਦੇ ਔਖੇ ਸਮੇਂ ਦੌਰਾਨ ਧਾਰਮਿਕ ਸਥਾਨਾਂ ਵੱਲ੍ਹੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਨੈਸ਼ਨਲ ਪ੍ਰਾਪਤੀ ਸਰਵੇ ਵਿੱਚ ਪੰਜਾਬ ਰਾਜ ਦੀ ਚੰਗੀ ਕਾਰਗੁਜ਼ਾਰੀ ਲਈ ਸਿੱਖਿਆ ਵਿਭਾਗ ਵੱਲੋਂ ਲਏ ਜਾ ਰਹੇ ਪੰਜਾਬ ਪ੍ਰਾਪਤੀ ਸਰਵੇ ਦੀ ਤਿਆਰੀ ਦੇ ਮੱਦੇਨਜ਼ਰ ਇਹ ਸਰਗਰਮੀਆਂ ਹੋਰ ਵਧ ਗਈਆਂ ਹਨ। ਮਹਿਲਾ ਅਧਿਆਪਕਾਂ ਵੱਲੋਂ ਵੀ ਗੁਰੂ ਘਰਾਂ ਵਿੱਚੋਂ ਅਪੀਲਾਂ ਕਰਕੇ ਮਾਪਿਆਂ ਨੂੰ ਇਸ ਸਰਵੇ ਦੀ ਹਰ ਸਰਗਰਮੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ, ਹੀਰਕੇ ਦੇ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਗੁਰੂ ਘਰਾਂ ਦੇ ਪ੍ਰਬੰਧਕਾਂ ਸਮੇਤ ਪਿੰਡ ਦੇ ਹਰ ਵਰਗ ਵੱਲੋਂ ਸਹਿਯੋਗ ਮਿਲ ਰਿਹਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਾਨਸ਼ਾਹੀਆ ਦੀ ਸਟੇਟ ਅਵਾਰਡ ਜੇਤੂ ਅਧਿਆਪਕ ਪ੍ਰਵੀਨ ਸ਼ਰਮਾ ਨਿੱਤ ਆਪਣੀ ਰਿਹਾਇਸ਼ ਰਾਮਪੁਰਾ ਤੋਂ ਚੱਲ ਕੇ ਪਿੰਡ ਵਿਚਲੇ ਗੁਰੂ ਘਰ ਵਿੱਚ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦਾ ਸੱਦਾ ਦਿੰਦੀ ਹੈ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਿੰਘ ਬਾਬਾ ਆਲਾ ਸਿੰਘ ਬਰਨਾਲਾ ਦੀ ਅਧਿਆਪਕ ਰੁਪਿੰਦਰਜੀਤ ਕੌਰ ਆਨਲਾਈਨ ਸਿੱਖਿਆ ਸਬੰਧੀ ਸਲਾਈਡਾਂ ਨਵੇਂ ਸੈਸ਼ਨ ਦੇ ਪਹਿਲੇ ਦਿਨ ਤੋਂ ਭੇਜ ਰਹੀ ਹੈ। ਮਾਨਸਾ ਦੇ ਸਰਕਾਰੀ ਮਿਡਲ ਸਕੂਲ ਦੀ ਇੰਚਾਰਜ ਪ੍ਰਵੀਨ ਲਤਾ, ਹਰਜੀਤ ਕੌਰ ਬਣਾਂਵਾਲੀ, ਯੋਗਿਤਾ ਜੋਸ਼ੀ, ਕਮਲਪ੍ਰੀਤ ਕੌਰ, ਊਸ਼ਾ ਰਾਣੀ ਕੱਲ੍ਹੋ ਨੇ ਕਿਹਾ ਕਿ ਆਨਲਾਈਨ ਸਿੱਖਿਆ ਲਈ ਗੁਰੂ ਘਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।