ਹਰਜੀਤ ਸਿੰਘ
ਡੇਰਾਬੱਸੀ, 2 ਅਗਸਤ
ਮਾਈਨਿੰਗ ਵਿਭਾਗ ਨੇ ਇਥੋਂ ਦੇ ਨੇੜਲੇ ਪਿੰਡ ਮੁਕੰਦਪੁਰ ਵਿਖੇ ਨਿੱਜੀ ਜ਼ਮੀਨਾਂ ਵਿੱਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕੀਤਾ ਹੈ। ਵਿਭਾਗ ਵੱਲੋਂ ਮੁਕੰਦਪੁਰ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਚਾਰ ਪੌਕਲੈਨ ਮਸ਼ੀਨਾਂ ਨੂੰ ਫੜਕੇ ਪੁਲੀਸ ਹਵਾਲੇ ਕੀਤਾ ਹੈ। ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਚਾਰੇ ਮਸ਼ੀਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਮਾਈਨਿੰਗ ਇੰਸਪੈਕਟਰ ਗੁਰਜੀਤ ਸਿੰਘ ਅਤੇ ਡਰੇਨੇਜ਼ ਵਿਭਾਗ ਦੇ ਜੇਈ ਕਮ ਮਾਈਨਿੰਗ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੁਕੰਦਪੁਰ ਤੋਂ ਪਿੰਡ ਬਿਜ਼ਨਪੁਰਾ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਚਲ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਜਦ ਮੌਕੇ ’ਤੇ ਛਾਪਾ ਮਾਰਿਆ ਤਾਂ ਮੌਕੇ ’ਤੇ ਪੀਰ ਬਾਬਾ ਕੋਲ ਨਿੱਜੀ ਜ਼ਮੀਨ ਵਿੱਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦੇ ਸਬੂਤ ਮਿਲੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸੇ ਵੀ ਵਿਅਕਤੀ ਨੂੰ ਇਥੇ ਮਿੱਟੀ ਪੁੱਟਣ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਜਦਕਿ ਮੌਕੇ ‘ਤੇ ਜ਼ਮੀਨ ਵਿੱਚ ਕਾਫੀ ਵੱਡੇ ਵੱਡੇ ਟੋਏ ਮਿਲੇ। ਉਨ੍ਹਾਂ ਕਿਹਾ ਕਿ ਮੌਕੇ ’ਤੇ ਵਿਭਾਗ ਨੂੰ ਚਾਰ ਪੌਕਲੈਨ ਮਸ਼ੀਨਾਂ ਖੜ੍ਹੀਆਂ ਮਿਲੀਆਂ ਹਨ ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਹੈ।
ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਅਣਪਛਾਤਿਆਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਮਸ਼ੀਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਤੋਂ ਜ਼ਮੀਨ ਵਿੱਚੋਂ ਹੋਈ ਨਾਜਾਇਜ਼ ਮਾਈਨਿੰਗ ਸਬੰਧੀ ਪੂਰੀ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।