ਜਸਵੰਤ ਜੱਸ
ਫਰੀਦਕੋਟ, 30 ਅਗਸਤ
ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ 20 ਪਿੰਡ ਚੁਣੇ ਗਏ ਹਨ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦਾ ਮਕਸਦ ਯੋਜਨਾ ਤਹਿਤ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਅਤੇ ਸਮਾਜ ਵਿੱਚ ਪਏ ਹੋਏ ਪਾੜੇ ਨੂੰ ਦੂਰ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਇਹ ਸਕੀਮ ਸਾਲ 2009-10 ’ਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ ਤੇ 2014-15 ’ਚ ਦੇਸ਼ ਦੇ 1500 ਪਿੰਡਾਂ ‘ਚ ਲਾਗੂ ਕੀਤੀ ਸੀ। ਇਸ ਸਕੀਮ ਤਹਿਤ 50% ਤੋਂ ਵੱਧ ਅਨੁਸੂਚਿਤ ਜਾਤੀ ਅਬਾਦੀ ਵਾਲੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ/ਢਾਂਚਾ ਮੁਹੱਈਆ ਕਰਵਾਉਣਾ ਹੈ ਤੇ ਲਾਭਪਾਤਰੀ ਸਕੀਮਾਂ ਰਾਹੀਂ ਵਿਕਾਸ ਕਰਨਾ ਹੈ। ਇਸ ਸਕੀਮ ਤਹਿਤ 10 ਡੂਮੈਨ (ਖੇਤਰ) ਅਤੇ ਉਸ ਦੇ 50 ਇੰਡੀਕੇਟਰਾਂ ਤੇ ਕੰਮ ਕੀਤਾ ਜਾਣਾ ਹੈ ਜਿਸ ਵਿੱਚ ਪੀਣ ਵਾਲਾ ਪਾਣੀ ਤੇ ਸੈਨੀਟੇਸ਼ਨ, ਸਿੱਖਿਆ, ਸਿਹਤ ਤੇ ਪੋਸ਼ਣ, ਸਮਾਜਿਕ ਸੁਰੱਖਿਆ, ਪੇਂਡੂ ਸੜਕਾਂ ਅਤੇ ਮਕਾਨ, ਬਿਜਲੀ ਸਪਲਾਈ ਤੇ ਗੈਸ, ਖੇਤੀਬਾੜੀ, ਵਿੱਤੀ, ਤਕਨੀਕੀ, ਸਕਿੱਲ ਡਿਵੈੱਲਪਮੈਂਟ ਆਦਿ ਸ਼ਾਮਿਲ ਹਨ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਭਾਰਤ ਸਰਕਾਰ ਵੱਲੋਂ ਜ਼ਿਲ੍ਹ ਫਰੀਦਕੋਟ ਦੇ 50% ਤੋਂ ਵੱਧ ਐਸ.ਸੀ. ਆਬਾਦੀ ਵਾਲੇ 20 ਪਿੰਡ ਚੁਣੇ ਗਏ ਹਨ ਜਿਸ ਵਿੱਚ ਬਲਾਕ ਫਰੀਦਕੋਟ ਦੇ 11 ਪਿੰਡ: ਅਰਾਈਆਂਵਾਲਾ ਕਲਾਂ, ਮਚਾਕੀ ਮੱਲ ਸਿੰਘ, ਮਚਾਕੀ ਕਲਾਂ, ਕਿਲਾ ਨੌ, ਘੁਗਿਆਣਾ, ਬੇਗੂਵਾਲਾ, ਚੰਨੀਆ,ਢਾਬ ਸ਼ੇਰ ਸਿੰਘ ਵਾਲਾ, ਸਾਧਾਂ ਵਾਲਾ, ਨੱਥਲਵਾਲਾ, ਸਿੱਖਾਂਵਾਲਾ, ਬਲਾਕ ਕੋਟਕਪੂਰਾ ਦੇ 5 ਪਿੰਡ ਕੋਹਾਰਵਾਲਾ, ਸਿਵੀਆਂ, ਸੰਧਵਾਂ, ਬੱਗੇਆਣਾ, ਦੇਵੀਵਾਲਾ ਅਤੇ ਬਲਾਕ ਜੈਤੋ ਦੇ 04 ਪਿੰਡ ਸੂਰਘੁਰੀ, ਚੰਦ ਭਾਨ, ਕਾਸਮ ਭੱਟੀ, ਫਤਿਹਗੜ ਦੇ ਨਾਮ ਸ਼ਾਮਲ ਹਨ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ 12 ਪਿੰਡਾਂ ਦਾ ਹਾਊਸਹੋਲਡ ਅਤੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸਰਵੇ ਕਰਕੇ ਡਾਟਾ ਪੋਰਟਲ ਤੇ ਆਨਲਾਈਨ ਫੀਡ ਕੀਤਾ ਜਾ ਰਿਹਾ ਹੈ।