ਪੱਤਰ ਪ੍ਰੇਰਕ
ਕੁਰਾਲੀ, 30 ਅਗਸਤ
ਸ਼ਹਿਰ ਦੇ ਇੱਕ ਕਲੋਨਾਈਜਰ ਵੱਲੋਂ ਸਥਾਨਕ ਕੌਂਸਲ ਦੀ ਵਰਕਸ ਸ਼ਾਖਾ ’ਤੇ ਕਥਿੱਤ ਤੌਰ ’ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਥਾਨਕ ਨਗਰ ਕੌਂਸਲ ਨੇ ਰੱਦ ਕੀਤਾ ਹੈ। ਕੌਂਸਲ ਵੱਲੋਂ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਤੌਰ ’ਤੇ ਸੂਚਿਤ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਜਾਰੀ ਕੀਤੇ ਪ੍ਰੈੱਸ ਨੋਟ ਰਾਹੀਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਵੀਕੇ ਜੈਨ ਨੇ ਦੱਸਿਆ ਕਿ ਕਲੋਨਾਈਜਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਨਾਜਾਇਜ਼ ਕਲੋਨੀ ਕੱਟੀ ਜਾ ਰਹੀ ਸੀ ਅਤੇ ਇਸ ਨੂੰ ਮੁੱਖ ਰੱਖ ਕੇ ਹੀ ਕੌਂਸਲ ਦੇ ਐੱਸਓ ਅਤੇ ਵਰਕਸ ਸ਼ਾਖਾ ਵੱਲੋਂ ਨੋਟਿਸ ਜਾਰੀ ਕਰਕੇ ਕਮੀਆਂ ਪੂਰੀਆਂ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਹੀ ਕਲੋਨਾਈਜਰ ਵੱਲੋਂ ਕੌਂਸਲ ਦੀ ਵਰਕਸ ਸ਼ਾਖਾ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਤੋਂ ਇਲਾਵਾ ਜਾਤੀ ਸੂਚਕ ਸ਼ਬਦ ਬੋਲ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸ੍ਰੀ ਜੈਨ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਿਭਾਗੀ ਜਾਂਚ ਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਜਾਂਚ ਲਈ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਇੱਕ ਕਲੋਨਲਾਈਜਰ ਨੇ ਕੌਂਸਲ ਦੀ ਵਰਕਸ ਸ਼ਾਖਾ ਦੇ ਅਧਿਕਾਰੀਆਂ ’ਤੇ ਕਲੋਨੀ ਵਿੱਚ ਪਲਾਟ ਕੱਟਣ ਤੇ ਨਕਸ਼ੇ ਪਾਸ ਕਰਵਾਉਣ ਲਈ ਰਿਸ਼ਵਤ ਮੰਗਣ ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾ ਕੇ ਮਾਮਲੇ ਦੀ ਜਾਂਚ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਮੰਗੀ ਸੀ।