ਹਰਜੀਤ ਸਿੰਘ
ਡੇਰਾਬੱਸੀ, 9 ਅਗਸਤ
ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਵਲੋਂ ਮੁਬਾਰਿਕਪੁਰ ਫੋਕਲ ਪੁਆਇੰਟ ਵਿਚ ਅੱਜ ਕੈਮਿਕਲ ਫੈਕਟਰੀ ਵਿਚੋਂ 27 ਹਜ਼ਾਰ 600 ਲਿਟਰ ਅਜਿਹਾ ਰਸਾਇਣ ਫੜਿਆ ਹੈ ਜਿਸ ਦੀ ਵਰਤੋਂ ਨਾਜਾਇਜ਼ ਸ਼ਰਾਬ ਬਣਾਉਣ ਲਈ ਕੀਤੀ ਜਾ ਸਕਦੀ ਸੀ। ਵਿਭਾਗ ਵਲੋਂ ਮੌਕੇ ਤੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅੱਜ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
ਆਬਕਾਰੀ ਵਿਭਾਗ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਨੇ ਦੱਸਿਆ ਕਿ ਲੰਘੇ ਦਿਨੀਂ ਵਿਭਾਗ ਵਲੋਂ ਪਿੰਡ ਜਵਹਾਰਪੁਰ ਵਿਖੇ ਗੁਦਾਮ ਵਿਚੋਂ ਨਾਜਾਇਜ਼ ਕੈਮਿਕਲ ਦੇ 6 ਡਰਮਾਂ ਸਮੇਤ 3 ਜਣੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਕਿਹਾ ਮੁਲਜ਼ਮਾਂ ਤੋਂ ਪੁਛ-ਪੜਤਾਲ ਵਿੱਚ ਸਾਹਮਣੇ ਆਇਆ ਕਿ ਗੁਦਾਮ ਮਾਲਕ ਫੋਕਲ ਪੁਆਇੰਟ ’ਚ ਅੱਜ ਫੜੀ ਕੈਮਿਕਲ ਫੈਕਟਰੀ ਐਲੀਕੇਮ ਲੈਬ ਤੋਂ ਮਾਲ ਖਰੀਦਦਾ ਸੀ। ਇਸੇ ਆਧਾਰ ’ਤੇ ਅੱਜ ਕੰਪਨੀ ’ਚ ਛਾਪਾ ਮਾਰ ਕੇ 27 ਹਜ਼ਾਰ 600 ਲਿਟਰ ਹਾਈ ਡਿਗਰੀ ਵਾਲੀ ਸਿਪਰਿਟ ਬਰਾਮਦ ਕੀਤੀ ਹੈ। ਜੁਆਇੰਟ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਇਸ ਤੋਂ ਨਾਜਾਇਜ਼ ਸ਼ਰਾਬ ਬਣ ਸਕਦੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਵਲੋਂ ਮਾਮਲੇ ’ਚ ਕੰਪਨੀ ਦੇ 2 ਗੁਦਾਮ ਵੀ ਸੀਲ ਕੀਤੇ ਹਨ।