ਬਲੀਆ (ਯੂੁਪੀ), 30 ਅਗਸਤ
ਪੱਤਰਕਾਰ ਰਤਨ ਸਿੰਘ ਦੇ ਕਤਲ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਹੋਣ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਕੇਸ ਵਿੱਚ ਬੀਤੀ 25 ਅਗਸਤ ਨੂੰ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸਪੀ ਦੇਵੇਂਦਰ ਨਾਥ ਨੇ ਦੱਸਿਆ,‘ਪੁਲੀਸ, ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਅਤੇ ਨਿਗਰਾਨ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਉਦੈ ਨਾਰਾਇਣ ਸਿੰਘ, ਅਨਿਲ ਸਿੰਘ ਅਤੇ ਤੇਜਬਹਾਦੁਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।’ ਇਨ੍ਹਾਂ ਤਿੰਨਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ’ਤੇ 25,000 ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਐੱਸਪੀ ਨਾਥ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਕਤਲ ਲਈ ਵਰਤੀ ਗਈ ਇੱਕ ਸੋਟੀ ਤੇ ਦੋ ਕੁਹਾੜੀਆਂ ਬਰਾਮਦ ਹੋਈਆਂ ਹਨ। ਪੱਤਰਕਾਰ ਰਤਨ ਸਿੰਘ ਹਿੰਦੀ ਨਿਊਜ਼ ਚੈਨਲ ’ਚ ਕੰਮ ਕਰਦਾ ਸੀ, ਜਿਸਦਾ 24 ਅਗਸਤ ਦੀ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀ। -ਪੀਟੀਆਈ