ਰਵੇਲ ਸਿੰਘ ਭਿੰਡਰ
ਪਟਿਆਲਾ, 30 ਅਗਸਤ
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਅੱਗੇ ਲਿਫ਼ਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਹਰ ਤਰ੍ਹਾਂ ਦਾ ਫੈਸਲਾ ਜਾਂ ਫਤਵਾ ਸਹਿਣ ਕਰਨ ਦੀ ਸ਼ਕਤੀ ਰੱਖਦੇ ਹਨ। ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਤੋਂ ਆਨਲਾਈਨ ਪ੍ਰਚਾਰ ਕਰਦਿਆਂ ਉਨ੍ਹਾਂ ਅਸਿੱਧੇ ਤੌਰ ’ਤੇ ਆਖਿਆ ਕਿ ਇਹ ਜੋ ਮਰਜ਼ੀ ਕਰ ਲੈਣ ਪਰ ਉਹ ਗੁਰੂ ਗ੍ਰੰਥ ਸਾਹਿਬ ਦੇ ਬਣ ਕੇ ਰਹਿਣਗੇ। ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਨੂੰ ਢੱਡਰੀਆਂ ਵਾਲੇ ਦੇ ਪ੍ਰਚਾਰ ਨੂੰ ਸੁਣਨ ਤੋਂ ਰੋਕਿਆ ਹੋਇਆ ਹੈ ਪਰ ਵੱਡੀ ਗਿਣਤੀ ਲੋਕ ਪ੍ਰਚਾਰ ਨੂੰ ਸ਼ੇਅਰ ਕਰਨ ਲੱਗੇ ਹੋਏ ਹਨ। ਸਿਆਸੀ ਲਿਹਾਜ਼ ਤੋਂ ਮੋਤੀ ਮਹਿਲ ਦੇ ਸਮਰਥਕ ਵੀ ਢੱਡਰੀਆਂ ਵਾਲੇ ਦੀ ਹਮਾਇਤ ’ਤੇ ਆ ਗਏ ਹਨ। ਦੱਸਣਯੋਗ ਹੈ ਕਿ ਪੰਜ ਸਿੰਘ ਸਹਬਿਾਨ ਨੇ ਗੁਰਮਤਿ ਦੀ ਗਲਤ ਬਿਆਨੀ ਦੇ ਦੋਸ਼ ਅਤੇ ਉਪਜੇ ਮਾਮਲੇ ’ਤੇ ਗਠਿਤ ਸਬ ਕਮੇਟੀ ਨਾਲ ਵਿਚਾਰ ਚਰਚਾ ਨਾ ਕਰਨ ਦੇ ਮਾਮਲੇ ’ਤੇ ਭਾਈ ਢੱਡਰੀਆਂ ਵਾਲਿਆਂ ਖ਼ਿਲਾਫ਼ ਲੰਘੇ ਦਿਨੀਂ ਸਖ਼ਤ ਫੈਸਲਾ ਲੈਂਦਿਆਂ ਸਿੱਖ ਸੰਗਤ ਨੂੰ ਉਸ ਦੇ ਸਮਾਗਮ ਨਾ ਕਰਵਾਉਣ ਦਾ ਹੁਕਮ ਦਿੱਤਾ ਸੀ। ਢੱਡਰੀਆਂ ਵਾਲੇ ਦੇ ਹਾਲੀਆ ਪ੍ਰਚਾਰ ਤੋਂ ਸਾਹਮਣੇ ਆਇਆ ਹੈ ਕਿ ਭਾਈ ਢੱਡਰੀਆਂ ਵਾਲੇ ਅਕਾਲ ਤਖਤ ਸਾਹਿਬ ਨਾਲ ਆਢਾ ਲਾਉਣ ਦੇ ਰੌਂਅ ’ਚ ਹਨ। ਉਹ ਭਾਵੇਂ ਗੁਰੂ ਗ੍ਰੰਥ ਸਾਹਿਬ ਤੋਂ ਵੱਖ ਨਹੀਂ ਹੋਣਾ ਚਾਹੁੰਦੇ ਪਰ ਅਕਾਲ ਤਖ਼ਤ ਸਾਹਿਬ ਦੇ ਫੁਰਮਾਨਾਂ ਤੋਂ ਪੂਰੇ ਬਾਗੀ ਹਨ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਹ ਆਪਣੇ ਸਥਾਪਿਤ ਕੀਤੇ ਗੁਰਦੁਆਰਾ ਪਰਮੇਸ਼ਰ ਦੁਆਰ ਨੂੰ ਡੇਰਾ ਬਿਆਸ ਵਾਂਗ ਨਹੀਂ ਬਣਾਉਣਗੇ ਬਲਕਿ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਭਗਤ ਬਣ ਕੇ ਵਿਚਰਨਗੇ।