ਇਸਲਾਮਾਬਾਦ, 6 ਸਤੰਬਰ
ਪਾਕਿਸਤਾਨ ਨੇ ਐਤਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਸਫੀਰ ਨੂੰ ਤਲਬ ਕਰਕੇ ਭਾਰਤੀ ਫੌਜ ਵੱਲੋਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਕੀਤੀ ਕਥਿਤ ਉਲੰਘਣਾ ਖ਼ਿਲਾਫ਼ ਰੋਸ ਦਰਜ ਕਰਵਾਇਆ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਸ਼ਨਿੱਚਰਵਾਰ ਨੂੰ ਭਾਰਤੀ ਫੌਜ ਵੱਲੋਂ ‘ਬਿਨਾਂ ਕਿਸੇ ਭੜਕਾਹਟ’ ਦੇ ਰੱਖਚਿਕੜੀ ਸੈਕਟਰ ਵਿੱਚ ਕੀਤੀ ਫਾਇਰਿੰਗ ਨਾਲ ਉਨ੍ਹਾਂ ਦਾ ਇਕ ਆਮ ਨਾਗਰਿਕ ਗੰਭੀਰ ਜ਼ਖ਼ਮੀ ਹੋ ਗਿਆ। ਬਿਆਨ ਵਿੱਚ ਕੀਤੇ ਦਾਅਵੇ ਮੁਤਾਬਕ ਭਾਰਤੀ ਫੌਜਾਂ ਵੱਲੋਂ ਕੰਟਰੋਲ ਰੇਖਾ ਤੇ ਵਰਕਿੰਗ ਬਾਊਂਡਰੀ ’ਤੇ ਸਿਵਲੀਅਨ ਵਸੋਂ ਵਾਲੇ ਇਲਾਕਿਆਂ ਨੂੰ ਸਵੈਚਾਲਿਤ ਹਥਿਆਰਾਂ ਤੇ ਮੋਰਟਾਰਾਂ (ਛੋਟੇ ਗੋਲਿਆਂ) ਨਾਲ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।