ਨਵੀਂ ਦਿੱਲੀ, 23 ਅਗਸਤ
ਬਲੂਮਜ਼ਬਰੀ ਇੰਡੀਆ ਵੱਲੋਂ ਦਿੱਲੀ ਦੰਗਿਆਂ ਬਾਰੇ ਕਿਤਾਬ ਪ੍ਰਕਾਸ਼ਤ ਨਾ ਕਰਨ ਦੇ ਐਲਾਨ ਮਗਰੋਂ ਗਰੁੜ ਪ੍ਰਕਾਸ਼ਨ ਨੇ ਕਿਤਾਬ ‘ਦਿੱਲੀ ਰਾਇਟਸ 2020: ਦਿ ਅਨਟੋਲਡ ਸਟੋਰੀ’ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਿਤਾਬ 15 ਦਿਨਾਂ ਦੇ ਅੰਦਰ ਅੰਦਰ ਬਾਜ਼ਾਰ ’ਚ ਆ ਜਾਵੇਗੀ। ਗਰੁੜ ਪ੍ਰਕਾਸ਼ਨ ਦੇ ਸੀਈਓ ਸੰਕ੍ਰਾਂਤ ਸਾਨੂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਕਾਸ਼ਨ ਭਾਰਤੀ ਇਤਿਹਾਸ ਨੂੰ ਛਾਪਣ ਪ੍ਰਤੀ ਵਚਨਬੱਧ ਹੈ। ਊਨ੍ਹਾਂ ਕਿਹਾ ਕਿ ਦਿੱਲੀ ਦੰਗਿਆਂ ਦੀ ਅਸਲ ਤਸਵੀਰ ਸਾਹਮਣੇ ਲਿਆਉਣ ਵਾਲੇ ਲੇਖਕਾਂ ਦੀ ਉਹ ਹਮਾਇਤ ਕਰਦੇ ਹਨ। ਕਿਤਾਬ ਦੇ ਲੇਖਕਾਂ ਵਕੀਲ ਮੋਨਿਕਾ ਅਰੋੜਾ ਅਤੇ ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਸੋਨਾਲੀ ਚਿਤਾਲਕਰ ਤੇ ਪ੍ਰੇਰਨਾ ਮਲਹੋਤਰਾ ਨੇ ਗਰੁੜ ਪ੍ਰਕਾਸ਼ਨ ਦਾ ਧੰਨਵਾਦ ਕੀਤਾ ਹੈ। -ਪੀਟੀਆਈ